-moz-user-select:none; -webkit-user-select:none; -khtml-user-select:none; -ms-user-select:none; user-select:none;

Thursday, December 31, 2009

ਲੇਡੀ ਸਵਾਰੀ


ਨਰਿੰਦਰਜੀਤ ਕੌਰ

ਸਮਰਾਲੇ ਤੋਂ ਚੰਡੀਗੜ੍ਹ ਜਾ ਰਹੀ ਬੱਸ ਖਚਾਖਚ ਭਰੀ ਹੋਈ ਸੀ। ਬੈਠਣ ਨੂੰ ਤਾਂ ਕੀ, ਖੜਨ ਨੂੰ ਵੀ ਥਾਂ ਮਿਲਣੀ ਔਖੀ ਸੀ। ਗਰਮੀ ਅਤੇ ਘੁਟਣ ਨਾਲ ਲੋਕਾਂ ਦਾ ਬੁਰਾ ਹਾਲ ਸੀ। ਫਿਰ ਵੀ ਹਰ ਕੋਈ ਚੜ੍ਹੀ ਜਾ ਰਿਹਾ ਸੀ। ਹਰ ਸਟਾਪ ਤੇ ਲਗਦਾ ਕਿ ਹੁਣ ਤਾਂ ਬੱਸ ਨਹੀ ਰੁਕਣੀ, ਪਰ ਕੰਡਕਟਰ ਨੇ ਵੀ ਤਾਂ ਕਮਾਈ ਕਰਨੀ ਸੀ।
ਖਮਾਣੋਂ ਤੋਂ ਇਕ ਕੁੜੀ ਚੜ੍ਹੀ ਤੇ ਬੂਹੇ ਕੋਲ ਖੜੀ ਹੋ ਗਈ। ਬੱਸ ਵਿਚ ਹਲਕੀ ਜਿਹੀ ਹਲਚਲ ਮਚ ਗਈ। ਉੱਚਾ ਜਿਹਾ ਜੂੜਾ, ਗੁਲਾਬੀ ਸੂਟ, ਮੋਢੇ ਉੱਤੇ ਪਰਸ ਅਤੇ ਅੱਖਾਂ ਉੱਤੇ ਕਾਲਾ ਚਸ਼ਮਾ। ਸਵਾਰੀਆਂ ਨੂੰ ਗਰਮੀ ਅਤੇ ਘੁਟਨ ਭੁੱਲ ਗਈ ਅਤੇ ਸਾਰੀਆਂ ਅੱਖਾਂ ਉਸ ਇਕ ਚਿਹਰੇ ਉੱਤੇ ਗੱਡੀਆਂ ਗਈਆਂ। ਹਰ ਕਿਸੇ ਨੂੰ, ਭਾਵੇਂ ਉਹ ਸੋਲ੍ਹਾਂ ਸਾਲਾਂ ਦਾ ਜੁਆਨ ਮੁੰਡਾ ਸੀ ਜਾਂ ਸੱਠ ਸਾਲਾਂ ਦਾ ਬੁੜ੍ਹਾ, ਆਲੇ ਦੁਆਲੇ ਦੀਆਂ ਹੋਰ ਸਵਾਰੀਆਂ ਦਿਖਣੀਆਂ ਹੀ ਬੰਦ ਹੋ ਗਈਆਂ। ਸਭ ਨੂੰ ਬਸ ਇਕ ਕੁੜੀ ਨਜ਼ਰ ਆ ਰਹੀ ਸੀ।
ਹਰ ਦਿਲ ਵਿਚ ਬਸ ਇਕ ਹੀ ਸੋਚ ਸੀ–‘ਕਾਸ਼ ਇਹ ਕੁੜੀ ਮੇਰੇ ਨਾਲ ਦੀ ਸੀਟ ’ਤੇ ਆ ਕੇ ਬਹਿ ਜਾਵੇ ਤਾਂ ਸਵਰਗ ਹੀ ਮਿਲ ਜਾਵੇ। ਪਰ ਮੈਂ ਉੱਠ ਕੇ ਸੀਟ ਨਹੀਂ ਦੇਣੀ ਕਿਉਂਕਿ ਫੇਰ ਤਾਂ ਉਹ ਮੇਰੇ ਨਾਲ ਦੇ ਬੰਦੇ ਕੋਲ ਬਹਿ ਜਾਵੇਗੀ, ਮੇਰੇ ਨਾਲ ਤਾਂ ਨਹੀਂ ਨਾ। ਬਸ ਕਿਸੇ ਤਰ੍ਹਾਂ ਮੇਰੇ ਨਾਲ ਦਾ ਬੰਦਾ ਉਠ ਜਾਵੇ ਤਾਂ ਹੀ ਗੱਲ ਹੈ। ਪਰ ਚੱਲ ਨਹੀਂ ਤਾਂ ਸਾਮ੍ਹਣੇ ਹੀ ਖੜੀ ਰਹੇ, ਅੱਖਾਂ ਨੂੰ ਹੀ ਠੰਡਕ ਦੇਈ ਜਾਵੇ।’
ਇੰਨੇ ਚਿਰ ਨੂੰ ਦੋ ਸਵਾਰੀਆਂ ਵਾਲੀ ਸੀਟ ਉੱਤੇ ਬੈਠੇ ਇਕ ਮੁੰਡੇ ਨੇ ਤਿਰਛੇ ਜਿਹੇ ਹੁੰਦੇ ਹੋਏ ਮਾੜੀ ਜਿਹੀ ਥਾਂ ਬਣਾ ਕੇ ਕੁੜੀ ਨੂੰ ਕਿਹਾ, “ਜੀ ਤੁਸੀਂ ਇੱਥੇ ਆ ਜਾਓ।”
ਸਾਰੀ ਬੱਸ ਵਿਚ ਸ਼ਾਂਤੀ ਫੈਲ ਗਈ।
‘ਲੈ ਗਿਆ ਬਾਜੀ, ਸਾਲਾ ਉੱਲੂ ਦਾ ਪੱਠਾ!’
“ਥੈਂਕ ਯੂ, ਭਾਈ ਸਾਬ੍ਹ! ਤੁਸੀਂ ਇਨ੍ਹਾਂ ਬਾਬਾ ਜੀ ਨੂੰ ਬਿਠਾ ਲਓ।” ਕੁੜੀ ਨੇ ਇਕ ਬਹੁਤ ਹੀ ਕਮਜ਼ੋਰ ਜਿਹੇ ਬਜ਼ੁਰਗ ਨੂੰ ਉਸ ਸੀਟ ਤੇ ਭੇਜ ਦਿੱਤਾ।
‘ਐਥੇ ਰੱਖ!’
ਹੁਣ ਇਕ ਨੂੰ ਛੱਡ ਬਾਕੀ ਸਾਰੇ ਚਿਹਰੇ ਖੁਸ਼ੀ ਨਾਲ ਖਿੜ ਗਏ ਸਨ।
-0-

Thursday, December 24, 2009

ਗਰੀਬਾਂ ਦੀਆਂ ਜਾਈਆਂ



ਪ੍ਰੀਤ ਨੀਤਪੁਰ

ਮੁਕਲਾਵੇ ਗਈ ਜਦੋਂ ਉਹ ਅੱਜ ਪਹਿਲੀ ਵਾਰ ਪੇਕਿਆਂ ਦੇ ਪਿੰਡ ਦੇ ਬੱਸ ਅੱਡੇ ਉੱਤੇ ਉਤਰੀ ਤਾਂ ਉਹਨੂੰ ਪਿੰਡ ਦਾ ਦਾ ਬੱਸ ਅੱਡਾ ,ਜਿੱਥੋਂ ਉਹ ਨਿੱਤ ਘਾਹ ਦੀ ਪੰਡ ਲੈ ਕੇ ਗੁਜ਼ਰਦੀ ਸੀ, ਕੁਝ ਬਦਲਿਆ-ਬਦਲਿਆ ਜਾਪਿਆ।
“ਐਡੀ ਛੇਤੀ ਐਨਾ ਕੁੱਝ ਕਿਵੇਂ ਬਦਲ ਗਿਆ?” ਉਹ ਬੁੜਬੁੜਾਈ। ਵਾਸਤਵ ਵਿਚ ਤਾਂ ਕੁਝ ਵੀ ਨਹੀਂ ਸੀ ਬਦਲਿਆ, ਐਵੇਂ ਉਸ ਦਾ ਵਹਿਮ ਸੀ।
“ਕੁੜੇ ਭੁੱਚੋ, ਤਕੜੀ ਐਂ…? ਫਲ-ਫਰੂਟ ਦੀ ਰੇੜ੍ਹੀ ਲਾਉਣ ਵਾਲੇ ਵਿਹੜੇ ਵਿੱਚੋਂ ਲਗਦੇ ਤਾਏ ਨੇ ਉਹਦੀ ‘ਸੁੱਖ-ਸਾਂਦ’ ਪੁੱਛੀ।
ਤੇ ਉਹਨੂੰ ਇਉਂ ਲੱਗਾ ਜਿਵੇਂ ਤਾਏ ਨੇ ਉਹਦਾ ਅਪਮਾਨ ਕੀਤਾ ਹੋਵੇ। ਉਹਦਾ ਮਨ ਬੁਝ ਗਿਆ। ਉਹ ਕਹਿਣਾ ਚਾਹੁੰਦੀ ਸੀ, ‘ਤਾਇਆ, ਹੁਣ ਮੈਂ ਭੁੱਚੋ ਨਹੀ, ਭੁਪਿੰਦਰ ਕੌਰ ਹਾਂ, ਭੁਪਿੰਦਰ ਕੌਰ…।’
“ਹਾਂ ਤਾਇਆ, ਤਕੜੀ ਆਂ…।” ਕਹਿ ਕੇ ਉਹ ਆਪਣੇ ਖਾਵੰਦ ਦੇ ਲਾਗੇ ਹੋ ਕੇ ਬੋਲੀ, “ਜਵਾਕਾਂ ਆਸਤੇ ਕੋਈ ਚੀਜ ਲੈ ਲਈਏ…?”
“ਹਾਂ ਲੈ ਲੈ।” ਉਹਨੂੰ ਵੀ ਹੁਣ ਚੇਤਾ ਆਇਆ ਸੀ ਕਿ ਪਹਿਲੀ ਵਾਰ ਸਹੁਰਿਆਂ ਦੇ ਘਰ ਖਾਲੀ ਹੱਥ ਨਹੀਂ ਜਾਈਦਾ।
ਭੁੱਚੋ ਦੇ ਪੁੱਛਣ ਤੇ ਰੇੜ੍ਹੀ ਵਾਲੇ ਨੇ ਦੱਸਿਆ, “ਕੇਲੇ ਚੌਦਾਂ ਰੁਪਏ ਦਰਜਨ…ਸੰਤਰੇ ਚੌਵੀ ਰੁਪਏ…ਤੇ ਸੇਬ…।”
‘ਵੱਡੇ ਤਿੰਨੇ ਭਰਾਵਾਂ ਦਾ ਕਿੰਨਾ ਜਵਾਕ-ਜੱਲਾ ਐ, ਦਰਜਨ ਕੇਲਿਆਂ ’ਚ ਤਾਂ ਇਕ-ਇਕ ਵੀ ਹਿੱਸੇ ਨਹੀਂ ਆਉਣਾ…।’– ਭੁੱਚੋ ਨੇ ਸੋਚਿਆ ਤੇ ਮਲਵੀਂ ਜਿਹੀ ਆਵਾਜ਼ ਵਿਚ ਘਰਵਾਲੇ ਨੂੰ ਪੁੱਛਿਆ, “ਕਿੰਨੇ ਲਈਏ…?”
“ਵੇਖ ਲੈ, ਜੇ ਦਸਾਂ ਤੋਂ ਵੱਧ ਖਰਚੇ ਤਾਂ ਮੁੜਨ ਜੋਗਾ ਭਾੜਾ ਨਹੀਂ ਬਚਣਾ…।”
“ਹਾਏ ਰੱਬਾ!” ਇਕ ਲੰਮਾ ਹਾਉਕਾ ਉਹਦੇ ਧੁਰ ਅੰਦਰ ਅੱਗ ਦੀ ਲਾਟ ਵਾਂਗ ਫਿਰ ਗਿਆ–‘ਅਸੀਂ ਗਰੀਬਾਂ ਦੀਆਂ ਜਾਈਆਂ, ਪੇਕਿਆਂ ਦੇ ਪਿੰਡ ਵੀ ਭੁੱਚੋ ਤੇ ਸਹੁਰਿਆਂ ਦੇ ਪਿੰਡ ਵੀ ਭੁੱਚੋ…!’
ਤੇ ਹੁਣ ਭੁੱਚੋ ਨੇ ਇਉਂ ਮਹਿਸੂਸ ਕੀਤਾ ਜਿਵੇਂ ਕਿ ਉਹ ਵਿਆਈਆਂ ਪਾਟੇ ਨੰਗੇ ਪੈਰੀਂ, ਪੱਠਿਆਂ ਦੀ ਪਹਿਲਾਂ ਨਾਲੋਂ ਵੀ ਭਾਰੀ ਪੰਡ ਲੈ ਕੇ ਅੱਡੇ ਵਿਚ ਦੀ ਲੰਘ ਰਹੀ ਹੋਵੇ।
-0-

Sunday, December 20, 2009

ਰਿਸ਼ਤੇ ਦਾ ਨਾਮਕਰਨ



ਦਲੀਪ ਸਿੰਘ ਵਾਸਨ


ਉਜਾੜ ਜਿਹੇ ਰੇਲਵੇ ਸਟੇਸ਼ਨ ’ਤੇ ਇਕੱਲੀ ਬੈਠੀ ਲੜਕੀ ਨੂੰ ਮੈਂ ਪੁੱਛਿਆ ਤਾਂ ਉਸ ਦੱਸਿਆ ਕਿ ਉਹ ਮਾਸਟਰਨੀ ਲੱਗ ਕੇ ਆਈ ਹੈ। ਰਾਤੀਂ ਸਟੇਸ਼ਨ ’ਤੇ ਹੀ ਰਹੇਗੀ। ਸਵੇਰੇ ਉੱਥੋਂ ਹੀ ਜਾ ਡਿਊਟੀ ’ਤੇ ਹਾਜ਼ਰ ਹੋਵੇਗੀ। ਮੈਂ ਇਸੇ ਪਿੰਡ ’ਚ ਮਾਸਟਰ ਲੱਗਿਆ ਹੋਇਆ ਸਾਂ। ਪਹਿਲੋਂ ਵਾਪਰੀਆਂ ਇਕ-ਦੋ ਘਟਨਾਵਾਂ ਬਾਰੇ ਮੈਂ ਉਸਨੂੰ ਜਾਣਕਾਰੀ ਦਿੱਤੀ।
“ਤੁਹਾਡਾ ਰਾਤੀਂ ਇੱਥੇ ਠਹਿਰਨਾ ਠੀਕ ਨਹੀਂ। ਮੇਰੇ ਨਾਲ ਚੱਲੋ, ਮੈਂ ਕਿਸੇ ਘਰ ਤੁਹਾਡਾ ਰਾਤ ਰਹਿਣ ਦਾ ਪ੍ਰਬੰਧ ਕਰ ਦਿੰਦਾ ਹਾਂ।”
ਜਦੋਂ ਅਸੀਂ ਪਿੰਡ ਵਿਚੋਂ ਲੰਘ ਰਹੇ ਸਾਂ ਤਾਂ ਮੈਂ ਇਸ਼ਾਰਾ ਕਰ ਕੇ ਦੱਸਿਆ ਕਿ ਮੈਂ ਇਸ ਚੁਬਾਰੇ ਵਿਚ ਰਹਿੰਦਾ ਹਾਂ। ਅਟੈਚੀ ਧਰਤੀ ’ਤੇ ਰੱਖਕੇ ਉਹ ਆਖਣ ਲੱਗੀ, “ਥੋੜਾ ਚਿਰ ਤੁਹਾਡੇ ਕਮਰੇ ਵਿਚ ਹੀ ਠਹਿਰ ਜਾਂਦੇ ਹਾਂ। ਮੈਂ ਮੂੰਹ-ਹੱਥ ਧੋ ਕੇ ਕੱਪੜੇ ਬਦਲ ਲਵਾਂਗੀ।”
ਬਿਨਾਂ ਅੱਗੋਂ ਕੋਈ ਵਾਰਤਾਲਾਪ ਤੋਰੇ ਅਸੀਂ ਦੋਵੇਂ ਕਮਰੇ ਵਿਚ ਆ ਗਏ ਸਾਂ।
“ਤੁਹਾਡੇ ਨਾਲ ਹੋਰ ਕੌਣ ਰਹਿੰਦਾ ਹੈ?”
“ਮੈਂ ਇਕੱਲਾ ਹੀ ਰਹਿੰਦਾ ਹਾਂ।”
“ਬਿਸਤਰੇ ਤਾਂ ਦੋ ਲੱਗੇ ਹੋਏ ਨੇ?”
“ਕਦੀ ਮੇਰੀ ਮਾਂ ਆ ਜਾਂਦੀ ਏ।”
ਗੁਸਲਖਾਨੇ ’ਚ ਜਾ ਕੇ ਉਸਨੇ ਮੂੰਹ-ਹੱਥ ਧੋਤੇ। ਕੱਪੜੇ ਬਦਲੇ। ਮੈਂ ਇੰਨੇ ਚਿਰ ’ਚ ਚਾਹ ਦੇ ਦੋ ਕੱਪ ਬਣਾ ਲਏ।
“ਤੁਸੀਂ ਰਸੋਈ ਵੀ ਰੱਖੀ ਹੋਈ ਏ?”
“ਇੱਥੇ ਕਿਹੜੇ ਹੋਟਲ ਨੇ।”
“ਫਿਰ ਤਾਂ ਰੋਟੀ ਵੀ ਮੈਂ ਇੱਥੇ ਹੀ ਖਾਵਾਂਗੀ।”
ਗੱਲਾਂ-ਗੱਲਾਂ ਵਿਚ ਰਾਤ ਬਹੁਤ ਲੰਘ ਗਈ ਸੀ ਤੇ ਉਹ ਮਾਂ ਜੀ ਦੇ ਬਿਸਤਰੇ ਉੱਤੇ ਲੰਮੀ ਵੀ ਪੈ ਗਈ ਸੀ।
ਮੈਂ ਸੌਣ ਦੀ ਬਹੁਤ ਕੋਸ਼ਿਸ਼ ਕਰ ਰਿਹਾ ਸਾਂ। ਪਰ ਨੀਂਦਰ ਹੀ ਨਹੀਂ ਸੀ ਆ ਰਹੀ। ਮੈਂ ਕਈ ਵਾਰੀ ਉੱਠਕੇ ਉਸਦੇ ਮੰਜੇ ਤੱਕ ਗਿਆ ਸਾਂ। ਉਸਤੇ ਹੈਰਾਨ ਸਾਂ। ਮੇਰੇ ਵਿਚ ਮਰਦ ਜਾਗ ਰਿਹਾ ਸੀ। ਪਰ ਉਸ ਵਿਚ ਵੱਸਦੀ ਔਰਤ ਘੂਕ ਸੁੱਤੀ ਪਈ ਸੀ।
ਮੈਂ ਪੌੜੀਆਂ ਚੜ੍ਹ ਕੋਠੇ ਉੱਤੇ ਜਾ ਕੇ ਟਹਿਲਣ ਲੱਗ ਪਿਆ ਸਾਂ।
ਕੁਝ ਚਿਰ ਬਾਅਦ ਉਹ ਵੀ ਕੋਠੇ ਉੱਤੇ ਆ ਗਈ। ਚੁੱਪ-ਚੁਪੀਤੀ ਟਹਿਲਣ ਲੱਗ ਪਈ।
“ਜਾ ਕੇ ਸੌਂ ਜਾਓ। ਸਵੇਰੇ ਤੁਸੀਂ ਡਊਟੀ ਜਾ ਕੇ ਹਾਜ਼ਰੀ ਦੇਣੀ ਐ, ” ਮੈਂ ਕਿਹਾ।
“ਤੁਸੀਂ ਸੁੱਤੇ ਨਹੀਂ?”
“ਮੈਂ ਕਾਫੀ ਚਿਰ ਸੁੱਤਾ ਰਿਹਾ ਹਾਂ।”
“ਝੂਠ।”
“……”
ਉਹ ਬਿਲਕੁਲ ਰੂ-ਬ-ਰੂ ਆ ਖਲੋਤੀ, “ਅਗਰ ਮੈਂ ਤੁਹਾਡੀ ਛੋਟੀ ਭੈਣ ਹੁੰਦੀ ਤਾਂ ਤੁਸੀਂ ਉਨੀਂਦਰੇ ਵਿਚ ਨਹੀਂ ਸੀ ਰਹਿਣਾ।”
“ਨਹੀਂ-ਨਹੀਂ, ਐਸੀ ਕੋਈ ਗੱਲ ਨਹੀਂ।”
ਤੇ ਮੈਂ ਉਸਦੇ ਸਿਰ ਉੱਤੇ ਹੱਥ ਫੇਰ ਦਿੱਤਾ।
-0-

Monday, December 14, 2009

ਮੁਰਦ-ਘਾਟ ’ਤੇ ਖੜਾ ਆਦਮੀ


ਜਗਦੀਸ਼ ਅਰਮਾਨੀ

ਕੜੀ ਵਰਗੇ ਤਿੰਨ ਜੁਆਨ ਅੱਜ ਗੋਲੀਆਂ ਨਾਲ ਭੁੰਨ ਦਿੱਤੇ ਗਏ ਸਨ। ਸਾਰੇ ਸ਼ਹਿਰ ਵਿਚ ਹਾਹਾਕਾਰ ਮੱਚੀ ਹੋਈ ਸੀ।

ਤਿੰਨਾਂ ਜੁਆਨਾਂ ਦੀਆਂ ਲਾਸ਼ਾਂ ਪੋਸਟ-ਮਾਰਟਮ ਲਈ ਹਸਪਤਾਲ ਲਿਜਾਈਆਂ ਗਈਆਂ।

ਪੋਸਟ-ਮਾਰਟਮ ਦੇ ਕਮਰੇ ਦੇ ਬਾਹਰ ਲੋਕਾਂ ਦੀ ਅੰਤਾਂ ਦੀ ਭੀੜ ਸੀ।

ਕਮਰੇ ਦੇ ਬੂਹੇ ਉੱਤੇ ਪਹਿਰੇਦਾਰ ਖੜਾ ਸੀ। ਪਹਿਰੇਦਾਰ ਅੰਦਰ ਕਿਸੇ ਨੂੰ ਜਾਣ ਨਹੀਂ ਸੀ ਦੇਂਦਾ।

ਪਰ ਫੇਰ ਵੀ ਕੋਈ ਕਮਰੇ ਦੇ ਅੰਦਰ ਜਾ ਰਿਹਾ ਸੀ। ਕੋਈ ਕਮਰੇ ਦੇ ਅੰਦਰੋਂ ਬਾਹਰ ਨਿਕਲ ਰਿਹਾ ਸੀ।

ਸਤਭਰਾਈ ਬੂਹੇ ਦੇ ਕੋਲ ਕੰਧ ਨਾਲ ਲੱਗੀ ਖੜੀ ਸੀ। ਉਹ ਨਾ ਜਿਉਂਦਿਆਂ ਵਿਚ ਸੀ ਨਾ ਮੋਇਆਂ ਵਿਚ।

ਮੈਂ ਉਹਦੀ ਹਾਲਤ ਵੇਖ ਕੇ ਗੋਟ ਉੱਤੇ ਖੜੇ ਪਹਿਰੇਦਾਰ ਨੂੰ ਆਖਿਆ, ਇਸ ਵਿਚਾਰੀ ਨੂੰ ਵੀ ਇਕ ਮਿੰਟ ਲਈ ਅੰਦਰ ਚਲੀ ਜਾਣ ਦੇ।

ਸਰਦਾਰ ਜੀ,ਉਹ ਬੜੀ ਕੁਰਖਤ ਨਜ਼ਰਾਂ ਨਾਲ ਮੇਰੇ ਵੱਲ ਵੇਖ ਕੇ ਬੋਲਿਆ, ਉਹ ਤੁਹਾਡੀ ਕੀ ਲਗਦੀ ਹੈ? ਤੁਸੀਂ ਕਿਉਂ ਉਹਦੀ ਸਿਫਾਰਸ਼ ਕਰ ਰਹੇ ਹੋ?

ਨਹੀਂ, ਮੇਰੀ ਲਗਦੀ ਤਾਂ ਕੁਝ ਨਹੀਂ। ਮੈਂ ਸਿਰਫ ਮਾਨਵੀ-ਨਾਤੇ ਵੱਜੋਂ ਤੁਹਾਨੂੰ ਬੇਨਤੀ ਕਰ ਰਿਹੈਂ।

ਤਾਂ ਫਿਰ ਉਹ ਆਪ ਕਹੇ।

ਸਤਭਰਾਈ ਕੰਧ ਨਾਲ ਲੱਗੀ ਖੜੀ ਸੁਣ ਰਹੀ ਸੀ। ਉਹ ਕੰਧ ਨਾਲੋਂ ਜ਼ਰਾ ਜਿਹਾ ਸਰਕ ਕੇ ਥੋੜਾ ਉਰਾਂ ਹੋ ਗਈ। ਮੈਂ ਥੋੜਾ ਪਿੱਛੇ ਹਟ ਗਿਆ।

ਮਾਈ, ਤੇਰਾ ਮੁੰਡਾ ਮਾਰਿਆ ਗਿਆ?ਉਹਨੇ ਉਸ ਤੋਂ ਪੁੱਛਿਆ।

ਹਾਂ!ਮਾਈ ਨੇ ਸਿਰ ਹਿਲਾ ਕੇ ਸ਼ਾਹਦੀ ਭਰੀ।

ਤਾਂ ਮਾਈ, ਇਹ ਦੱਸ,ਉਸਨੇ ਲਾਲ-ਪੀਲੇ ਹੁੰਦੇ ਆਖਿਆ, ਤੂੰ ਮੁੰਡੇ ਦੇ ਦਾਹ-ਸੰਸਕਾਰ ’ਤੇ ਕੁਝ ਨਹੀਂ ਖਰਚਣਾ? ਲਕੜਾਂ ’ਤੇ ਨਹੀਂ ਖਰਚੇਂਗੀ ਜਾਂ ਕਫਨ ਨਹੀਂ ਬਣਾਵੇਂਗੀ। ਦੱਸ ਕੀ ਨਹੀਂ ਕਰੇਂਗੀ? ਜੇ ਸਭ ਕੁਝ ਕਰੇਂਗੀ ਤਾਂ ਮਾਈ ਫੇਰ ਸਾਡਾ ਹੱਕ ਕਿਉਂ ਰੱਖਦੀ ਏਂ?

-0-

Saturday, November 21, 2009

ਕਾਲ ਚੱਕਰ


ਦੀਪ ਜ਼ੀਰਵੀ


ਕਿਓਂ ਬਈ ਜਵਾਨਾ! ਇਹ ਹਜ਼ਾਰਾ ਸਿਹੁੰ ਵੰਝਲੀਆਂ ਵਾਲੇ ਦੀ ਹੱਟੜੀ ਐ ਨਾ? ਵਰ੍ਹਿਆਂ ਬਾਦ ਜੱਦੀ ਪਿੰਡ ਮੁੜੇ ਗੱਜਣ ਨੇ ਹੱਟੀ ਉੱਤੇ ਬੈਠੇ ਮੁੰਡੇ ਨੂੰ ਪੁੱਛਿਆ।

ਹਾਂ ਬਾਪੂ ਜੀ, ਮੈਂ ਉਨ੍ਹਾਂ ਦਾ ਪੋਤਰਾ ਆਂ।

ਬਈ ਕਾਕਾ, ਤੇਰੇ ਬਾਬੇ ਦੀਆਂ ਬਣਾਈਆਂ ਵੰਝਲੀਆਂ ਦੂਰ-ਦੂਰ ਤੱਕ ਵਿਕਣ ਜਾਂਦੀਆਂ ਸਨ।

ਜੀ ਬਾਬਾ ਜੀ, ਪਰ ਹੁਣ ਨਹੀਂ ਵਿਕਦੀਆਂ। ਵੰਝਲੀਆਂ ਬਣਾਉਣੀਆਂ ਤਾਂ ਅਸੀਂ ਬੰਦ ਕਰਤੀਆਂ। ਹੁਣ ਤਾਂ ਅਸੀਂ ਗੰਡਾਸੇ ਬਣਾਉਨੇ ਆਂ।

-0-

Friday, November 13, 2009

ਚਾਹ ਦੀ ਪਿਆਲੀ




ਹਰਦਮ ਸਿੰਘ ਮਾਨ

ਤੜਕਸਾਰ ਹੀ ਉਸ ਨੇ ਇਕ ਕੋਠੀ ਦਾ ਦਰ ਖੜਕਾਇਆ। ਕੋਠੀ ਅੰਦਰ ਘੁਸਰ ਫੁਸਰ ਹੋਈ। ਥੋੜ੍ਹੀ ਜਿਹੀ ਹਿਲਜੁਲ ਵੀ ਹੋਈ ਪਰ ਫਿਰ ਚੁੱਪ ਪਸਰ ਗਈ।
ਉਸ ਨੇ ਚਾਹ ਦੀ ਪਿਆਲੀ ਦੀ ਮੰਗ ਕਰਦਿਆਂ ਇਕ ਵਾਰ ਫੇਰ ਬੂਹੇ ਤੇ ਦਸਤਕ ਦਿੱਤੀ ਪਰ ਬੂਹਾ ਫੇਰ ਵੀ ਖਾਮੋਸ਼ ਰਿਹਾ। ਕਾਫੀ ਦੇਰ ਦੀ ਉਡੀਕ ਮਗਰੋਂ ਉਹ ਸੜਕ ਦੇ ਦੂਜੇ ਪਾਸੇ ਵਾਲੀ ਕੋਠੀ ਦੇ ਸਾਹਮਣੇ ਜਾ ਖੜ੍ਹਾ ਹੋਇਆ। ਚਾਹ ਦੀ ਪਿਆਲੀ ਲਈ ਸਵਾਲੀ ਬਣ ਕੇ ਉਸ ਨੇ ਆਪਣੇ ਪੁੱਤਰ ਨੂੰ ਆਵਾਜ਼ ਮਾਰੀ। ਕੋਈ ਜਵਾਬ ਨਾ ਮਿਲਿਆ। ਨੂੰਹ , ਪੋਤਰੇ ਦਾ ਨਾਂ ਲੈ ਕੇ ਤਰਲੇ ਕੱਢੇ ਪਰ ਕੋਠੀ ਅੰਦਰਲੇ ਬੋਲ ਗੂੰਗੇ ਹੋ ਗਏ।
ਖੜ੍ਹਿਆਂ ਖੜ੍ਹਿਆਂ ਉਸ ਨੂੰ ਚੱਕਰ ਜਿਹਾ ਆ ਗਿਆ ਅਤੇ ਡਿਗਦਾ ਡਿਗਦਾ ਮਸਾਂ ਸੰਭਲਿਆ। ਸਿਰ ਫੜ ਕੇ ਉਹ ਦੋਹਾਂ ਕੋਠੀਆਂ ਦੇ ਵਿਚਕਾਰ ਬੈਠ ਗਿਆ।
ਇਹ ਦੋਵੇਂ ਕੋਠੀਆਂ ਉਸ ਨੇ ਬੜੀ ਰੀਝ ਨਾਲ ਬਣਵਾਈਆਂ ਸਨ। ਹੁਣ ਇਨ੍ਹਾਂ ਵਿਚ ਉਸ ਦੇ ਪੁੱਤਰ ਆਪਣੇ ਪਰਿਵਾਰਾਂ ਸਮੇਤ ਰਹਿ ਰਹੇ ਸਨ। ਉਸ ਨੇ ਇਕ ਵਾਰ ਕੋਠੀਆਂ ਦੀ ਉਚੀ ਸ਼ਾਨ ਵੱਲ ਤੱਕਿਆ। ਛੇ ਮਹੀਨੇ ਪਹਿਲਾਂ ਸਦੀਵੀ ਵਿਛੋੜਾ ਦੇਣ ਵਾਲੀ ਪਤਨੀ ਨੂੰ ਯਾਦ ਕੀਤਾ। ਮਨ ਹੀ ਮਨ ਸੋਚਣ ਲੱਗਿਆ 'ਮੈਂ ਕੀ ਕੀ ਪਾਪੜ ਵੇਲੇ ਇਨ੍ਹਾਂ ਕੋਠੀਆਂ ਲਈ। ਠੱਗੀਆਂ ਮਾਰਨ ਤੋਂ ਵੀ ਗੁਰੇਜ਼ ਨਹੀਂ ਕੀਤਾ, ਕੁਫਰ ਵੀ ਤੋਲਿਆ, ਆਪਣੀ ਜ਼ਮੀਰ ਵੀ ਥਾਂ ਥਾਂ ਗਹਿਣੇ ਰੱਖੀ। ਕੀਹਦੇ ਲਈ? ਇਨ੍ਹਾਂ ਪੁੱਤਰਾਂ ਲਈ ਜਿਹੜੇ...।' ਉਸ ਨੇ ਲੰਮਾਂ ਹੌਕਾ ਭਰਿਆ ਅਤੇ ਗੋਡਿਆਂ ਵਿਚ ਸਿਰ ਦੇ ਕੇ ਡੁਸਕਣ ਲੱਗਿਆ।
ਏਨੇ ਨੂੰ ਇਕ ਮੰਗਤਾ ਉਸ ਕੋਲ ਆਇਆ। ਮੰਗਤੇ ਨੇ ਕਈ ਘਰਾਂ ਤੋਂ ਮੰਗ ਕੇ ਇਕੱਠੀ ਕੀਤੀ ਚਾਹ ਦੀ ਗੜਵੀ ਚੋਂ ਇਕ ਪਿਆਲੀ ਭਰ ਕੇ ਉਸ ਦੇ ਹੱਥ ਵਿਚ ਫੜਾ ਦਿੱਤੀ ਅਤੇ ਆਪ ਵੀ ਉਸ ਦੇ ਕੋਲ ਬੈਠ ਕੇ ਚਾਹ ਦੀਆਂ ਚੁਸਕੀਆਂ ਲੈਣ ਲੱਗ ਪਿਆ।
-0-

Saturday, October 10, 2009

ਸਬਕ


ਸੁਰਿੰਦਰ ਕੈਲੇ


ਦੀਨ ਦਿਆਲ ਦੇ ਪੁੱਤਰ ਰਤਨਪਾਲ ਦੀ ਤੀਸਰੀ ਸਗਾਈ ਦੀ ਗੱਲ ਚੱਲ ਰਹੀ ਸੀ। ਪਹਿਲਾਂ ਦੋ ਸਗਾਈਆਂ ਟੁੱਟ ਜਾਣ ਕਰਕੇ, ਉਹ ਇਸ ਵਾਰੀ ਬਹੁਤ ਹੁਸ਼ਿਆਰੀ ਨਾਲ, ਹੋਏ ਬੀਤੇ ਤੋਂ ਸਬਕ ਸਿੱਖ ਫੂਕ-ਫੂਕ ਪੈਰ ਧਰ ਰਿਹਾ ਸੀ।

ਲੜਕਾ ਪੜ੍ਹਿਆ ਲਿਖਿਆ ਤੇ ਸਰਕਾਰੀ ਨੌਕਰ ਹੈ। ਆਪਣੇ ਪਰਿਵਾਰ ਅਤੇ ਇਸਦੀ ਨੌਕਰੀ ਦੇ ਸਟੇਟਸ ਮੁਤਾਬਕ, ਬਣਦਾ ਦਾਜ ਜ਼ਰੂਰ ਲੈਣਾ ਹੈ। ਸਾਡੇ ਘਰ ਟੀ.ਵੀ., ਫਰਿਜ, ਏ.ਸੀ., ਕਾਰ ਵਗੈਰਾ ਸਾਰੀਆਂ ਸਹੂਲਤਾਂ ਹਨ। ਇਸ ਲਈ ਮੈਨੂੰ ਦਾਜ ਵਿਚ ਨਕਦੀ ਚਾਹੀਦੀ ਹੈ।

ਦੀਨਦਿਆਲ ਨੇ ਆਪਣੇ ਜੀਵਨ ਪੱਧਰ ਨੂੰ ਬਿਆਨ ਕਰਦਿਆਂ ਨਕਦੀ ਦੀ ਮੰਗ ਰੱਖ ਦਿੱਤੀ।

ਠੀਕ ਹੈ, ਜਿਵੇਂ ਤੁਸੀਂ ਠੀਕ ਸਮਝੋ। ਅਸੀਂ ਸਮਾਨ ਨਾ ਦਿੱਤਾ, ਪੈਸੇ ਦੇ ਦਿੱਤੇ, ਗੱਲ ਤਾਂ ਇੱਕੋ ਹੀ ਹੈ।

ਕੁੜੀ ਵਾਲਿਆਂ ਸੋਚਿਆ, ਮੁੰਡਾ ਸੁਨੱਖਾ, ਬਣਦਾ ਫੱਬਦਾ ਹੈ। ਉੱਪਰੋਂ ਪੜ੍ਹਿਆ ਲਿਖਿਆ ਤੇ ਵਧੀਆ ਨੌਕਰੀ ਤੇ ਲੱਗਾ ਹੋਇਆ ਹੈ। ਘਰ ਵੀ ਵੇਖਣ ਯੋਗ ਹੈ। ਕੀ ਹੋਇਆ ਜੇ ਮੁੰਡੇ ਦਾ ਬਾਪ ਜਰਾ ਲਾਲਚੀ ਹੈ। ਇਕ ਵਾਰੀ ਪੈਸਾ ਲਾ ਕੇ ਜੇ ਕੁੜੀ ਸੁਖੀ ਰਹਿੰਦੀ ਹੈ ਤਾਂ ਨਕਦੀ ਦੇਣ ਵਿਚ ਵੀ ਕੋਈ ਹਰਜ ਨਹੀਂ। ਗੱਲਾਂ ਬਾਤਾਂ ਤੋਂ ਬਾਦ ਦੋਹਾਂ ਧਿਰਾਂ ਵਿਚਕਾਰ ਫੈਸਲਾ ਹੋਇਆ ਕਿ ਲੜਕੀ ਵਾਲੇ ਪੰਜ ਲੱਖ ਰੁਪਏ ਨਕਦ ਦਹੇਜ ਦੇਣਗੇ।

ਨੀਯਤ ਦਿਨ, ਦੀਨਦਿਆਲ ਬਰਾਤ ਲੈ ਕੇ ਕੁੜੀ ਵਾਲਿਆਂ ਦੇ ਢੁੱਕ ਗਿਆ।

ਛੇਤੀ ਕਰੋ। ਮੁੰਡੇ ਨੂੰ ਫੇਰਿਆਂ ਤੇ ਬਿਠਾਵੋ। ਲਗਨ ਦਾ ਸਮਾਂ ਨਿਕਲਦਾ ਜਾ ਰਿਹਾ ਹੈ।

ਪੰਡਤ ਕਾਹਲੀ ਕਰ ਰਿਹਾ ਸੀ।

ਪਹਿਲਾਂ ਦਹੇਜ ਦੇ ਪੈਸੇ, ਫਿਰ ਫੇਰੇ।

ਦੀਨਦਿਆਲ ਪਹਿਲਾਂ ਨਕਦੀ ਲੈਣ ਤੇ ਅੜ ਗਿਆ। ਕੁੜੀ ਵਾਲਿਆਂ ਨਕਦੀ ਵਾਲਾ ਬੈਗ ਫੜਾਇਆ ਤਾਂ ਵਿਆਹ ਦੀਆਂ ਰਸਮਾਂ ਸ਼ੁਰੂ ਹੋਈਆਂ।

ਕੁੜਮਾਂ ਤੋਂ ਬਰਾਤ ਦੀ ਭਰਪੂਰ ਸੇਵਾ ਕਰਵਾ, ਬਰਾਤ ਡੋਲੀ ਲੈਕੇ ਮੁੜਨ ਲੱਗੀ ਤਾਂ ਦੀਨਦਿਆਲ ਨੇ ਨੋਟਾਂ ਵਾਲਾ ਬੈਗ ਕੁੜੀ ਦੇ ਪਿਓ ਨੂੰ ਵਾਪਸ ਕਰਦਿਆਂ ਕਿਹਾ, ਇਹ ਲਓ ਆਪਣੀ ਅਮਾਨਤ। ਤੁਹਾਡਾ ਮਾਲ ਤੁਹਾਨੂੰ ਹੀ ਵਾਪਸ ਕਰ ਰਿਹਾ ਹਾਂ।

ਕੁੜੀ ਦਾ ਬਾਪ ਡੌਰ-ਭੌਰ ਹੋਇਆ ਦੀਨਦਿਆਲ ਦਾ ਮੂੰਹ ਵੇਖਣ ਲੱਗਾ। ਉਹ ਡਰ ਰਿਹਾ ਸੀ ਕਿ ਇਹ ਲਾਲਚੀ ਬੰਦਾ ਹੁਣ ਕੋਈ ਹੋਰ ਮੰਗ ਰੱਖਣੀ ਚਾਹੁੰਦਾ ਹੈ।

ਦੀਨਦਿਆਲ ਨੇ ਸਥਿਤੀ ਨੂੰ ਸਪਸ਼ਟ ਕਰਦਿਆਂ ਕਿਹਾ, ਮੇਰੇ ਲੜਕੇ ਦੀ ਪਹਿਲਾਂ ਦੋ ਵਾਰ ਸਗਾਈ ਟੁੱਟ ਗਈ ਸੀ। ਕਾਰਨ ਇਹ ਸੀ ਕਿ ਮੈਂ ਸਾਦਾ ਅਤੇ ਦਹੇਜ ਰਹਿਤ ਵਿਆਹ ਕਰਨਾ ਚਾਹੁੰਦਾ ਸੀ। ਇਸ ਤੋਂ ਲੜਕੀ ਵਾਲਿਆਂ ਨੂੰ ਸ਼ੱਕ ਹੋ ਜਾਂਦਾ ਸੀ ਕਿ ਜੋ ਪੁੰਨ ਦਾ ਵਿਆਹ ਕਰਨ ਲੱਗਾ ਹੈ, ਜ਼ਰੂਰ ਮੁੰਡੇ ਵਿਚ ਕੋਈ ਨੁਕਸ ਹੋਵੇਗਾ ਤੇ ਸਗਾਈ ਟੁੱਟ ਜਾਂਦੀ ਸੀ। ਮੈਂ ਤੀਸਰੀ ਵਾਰ ਸਗਾਈ ਟੁੱਟਣ ਨਹੀਂ ਸੀ ਦੇਣੀ ਚਾਹੁੰਦਾ। ਇਸ ਲਈ ਮਜਬੂਰੀ ਵਸ ਦਹੇਜ ਮੰਗਣਾ ਪਿਆ। ਹੁਣ ਸ਼ਾਦੀ ਹੋ ਚੁੱਕੀ ਹੈ। ਇਸਲਈ ਮੈਂ ਦਹੇਜ ਵਾਪਸ ਕਰ ਰਿਹਾ ਹਾਂ।

-0-

Wednesday, September 30, 2009

ਕੌੜਾ ਸੱਚ



ਨਾਇਬ ਸਿੰਘ ਮੰਡੇਰ

ਸੜਕ ਹਾਦਸੇ ਵਿਚ ਸਕੂਲ ਦੇ ਮੁੱਖ ਅਧਿਆਪਕ ਸਤਨਾਮ ਸਿੰਘ ਦੀ ਮੌਤ ਨੇ ਸਾਰਿਆਂ ਦੇ ਹਿਰਦਿਆਂ ਨੂੰ ਵਲੂੰਧਰ ਦਿੱਤਾ। ਉਸ ਸ਼ਾਮ ਕਿਸੇ ਨੇ ਵੀ ਚੁੱਲ੍ਹੇ ਅੱਗ ਨਾ ਬਾਲੀ। ਆਖਿਰ ਪਿੰਡ ਦੇ ਬਜ਼ੁਰਗ ਕਿਸ਼ਨ ਸਿੰਘ ਨੇ ਸਤਨਾਮ ਸਿੰਘ ਦੇ ਘਰ ਜੁੜੀ ਸੰਗਤ ਨੂੰ ਦਿਲਾਸਾ ਦਿੰਦਿਆਂ ਕਿਹਾ, “ਭਾਈ, ‘ਘੱਲੇ ਆਏ ਨਾਨਕਾ, ਸੱਦੇ ਉੱਠੀ ਜਾਇ’ ਦੇ ਮਹਾਂ-ਵਾਕ ਮੁਤਾਬਕ ਇਸ ਦੁਨੀਆਂ ਤੋਂ ਹਰ ਇਕ ਨੇ ਵਾਰੋ-ਵਾਰੀ ਤੁਰ ਜਾਣਾ ਏ, ਢੇਰੀ ਢਾਹ ਕੇ ਕੁਝ ਨਹੀਂ ਬਣਦਾ। ਹਿੰਮਤ ਤੋਂ ਕੰਮ ਲਓ ਤੇ ਉਨ੍ਹਾਂ ਵੱਲੋਂ ਛੱਡੇ ਅਧੂਰੇ ਕੰਮਾਂ ਨੂੰ ਪੂਰਾ ਕਰਨ ਦੀ ਸੋਚੋ।”
ਬਾਪੂ ਕਿਸ਼ਨ ਸਿੰਘ ਦੀ ਗੱਲ ਸਭ ਨੂੰ ਚੰਗੀ ਲੱਗੀ। ਭੋਗ ਦੀ ਰਸਮ ਤਕ ਸਾਰਾ ਪਿੰਡ ਉਹਨਾਂ ਦੇ ਸੱਥਰ ਉੱਤੇ ਜੁੜਿਆ ਰਿਹਾ। ਹਰ ਪਾਸੇ ਸਤਨਾਮ ਸਿੰਘ, ਮੁੱਖ ਅਧਿਆਪਕ ਵੱਲੋਂ ਕੀਤੇ ਚੰਗੇ ਕੰਮਾਂ ਦੀ ਸਿਫਤ ਹੋ ਰਹੀ ਸੀ। ਭੋਗ ਵਾਲੇ ਦਿਨ ਵੱਡੀ ਗਿਣਤੀ ਵਿਚ ਅਧਿਆਪਕ, ਸਮਾਜਸੇਵੀ, ਰਾਜਨੀਤਕ ਲੋਕ ਤੇ ਪਿੰਡਾਂ ਦੇ ਲੋਕ ਹੁੰਮ-ਹੁਮਾ ਕੇ ਪਹੁੰਚੇ। ਕਈ ਕਿੱਲਿਆਂ ਵਿਚ ਬੈਠਣ ਦਾ ਪ੍ਰਬੰਧ ਕੀਤਾ ਹੋਇਆ ਸੀ, ਪਰ ਉਹ ਵੀ ਘੱਟ ਰਹਿ ਗਿਆ ਸੀ। ਸ਼ਰਧਾਂਜਲੀ ਦੇਣ ਵਾਲਿਆਂ ਨੇ ਪੁੱਜ ਕੇ ਉਹਨਾਂ ਦੀ ਪ੍ਰਸੰਸਾ ਕੀਤੀ। ਕਈ ਸਕੂਲ ਮੁਖੀਆਂ ਨੇ ਕਿਹਾ, “ਸਾਡੀ ਬਰਾਦਰੀ ਵਿੱਚੋਂ ਬਹੁਤ ਹਿੰਮਤੀ ਤੇ ਇਮਾਨਦਾਰ ਬੰਦਾ ਵਿੱਛੜ ਗਿਐ।” ਕਈਆਂ ਨੇ ਉਹਨਾਂ ਦੀ ਯਾਦ ਵਿਚ ਗੇਟ ਬਣਾਉਣ ਤੇ ਕਈਆਂ ਨੇ ਸਕੂਲ ਦਾ ਨਾਂ ਉਹਨਾਂ ਦੇ ਨਾਂ ਉੱਤੇ ਰੱਖਣ ਦੀ ਮੰਗ ਕੀਤੀ। ਬਜ਼ੁਰਗ ਕਿਸ਼ਨ ਸਿੰਘ ਸਭ ਦੀਆਂ ਦਲੀਲਾਂ ਤੇ ਗੱਲਾਂ ਨੂੰ ਸੁਣ ਰਿਹਾ ਸੀ। ਉਸ ਨੇ ਖੜੇ ਹੋ ਕੇ ਸਿਫਤਾਂ ਦੇ ਪੁਲ ਬੰਨ੍ਹਣ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ, “ਸਾਨੂੰ ਕਿਸੇ ਚੀਜ ਦੀ ਲੋੜ ਨਹੀਂ। ਪਿੰਡ ਵਾਲਿਆਂ ਨੂੰ ਉਨ੍ਹਾਂ ਵਰਗਾ ਲਾਇਕ, ਹਿੰਮਤੀ ਤੇ ਚੰਗੀ ਸੋਚ ਵਾਲਾ ਮੁਖੀਆ ਦੇ ਦਿਓ, ਹੋਰ ਕੁਝ ਨਹੀਂ ਚਾਹੀਦਾ। ਇਹੀ ਉਨ੍ਹਾਂ ਲਈ ਸੱਚੀ ਸ਼ਰਧਾਂਜਲੀ ਹੋਵੇਗੀ।”
ਸੱਚੀ ਤੇ ਕੌੜੀ ਗੱਲ ਸੁਣ ਕੇ ਵੱਡੀਆਂ ਵੱਡੀਆਂ ਸਿਫਤਾਂ ਕਰਨ ਵਾਲਿਆਂ ਵਿਚ ਝੱਟ ਖਾਮੋਸ਼ੀ ਛਾ ਗਈ।
-0-

Tuesday, September 22, 2009

ਸੁਆਲ





ਹਰਪ੍ਰੀਤ ਸਿੰਘ ਰਾਣਾ

ਜਦੋਂ ਉਸਦੀ ਪ੍ਰੇਮ ਲੀਲਾ ਦੀ ਖਬਰ ਉਸ ਦੇ ਘਰਦਿਆਂ ਦੇ ਕੰਨੀਂ ਪਈ ਤਾਂ ਸਾਰੇ ਘਰ ਵਿਚ ਜਿਵੇਂ ਉਧਮ ਜਿਹਾ ਮੱਚ ਗਿਆ।
“ਬਦਜਾਤ! ਸਾਡੀ ਇੱਜ਼ਤ ਮਿੱਟੀ ’ਚ ਰੋਲਤੀ, ਕਾਲਜ ਜਾਣ ਦੇ ਬਹਾਨੇ ਕਿਹੜੇ ਗੁੱਲ ਖਿਲਾਉਂਦੀ ਫਿਰਦੀ ਐ!” ਭਰਾ ਦੀ ਆਵਾਜ਼।
“ਹਾਏ! ਹਾਏ! ਤੈਨੂੰ ਸ਼ਰਮ ਨਾ ਆਈ ਆਪਣੇ ਖ਼ਾਨਦਾਨ ਦੀ ਇੱਜ਼ਤ ਨੂੰ ਦਾਗ ਲਾਉਂਦੇ। ਆਪਣੇ ਭਰਾ ਦੀ ਇੱਜ਼ਤ ਦਾ ਤਾਂ ਖਿਆਲ ਰੱਖ ਲੈਂਦੀ, ਕਿਤੇ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ।” ਭਰਜਾਈ ਦੀ ਆਵਾਜ਼।
“ਕਲੈਹਨੀਏ! ਜੇ ਮੈਨੂੰ ਪਹਿਲਾਂ ਪਤਾ ਹੁੰਦਾ ਕਿ ਤੂੰ ਵੱਡੇ ਹੋ ਕੇ ਇਹ ਚੱਜ ਖਿਲਾਰਨੇ ਐ ਤਾਂ ਜੰਮਦੇ ਸਾਰ ਈ ਤੇਰਾ ਗਲਾ ਘੁੱਟ ਦਿੰਦੀ।” ਮਾਂ ਦੀ ਅਜੀਬ ਆਵਾਜ਼ ਸੀ।
“ਬੇਸ਼ਰਮੇ! ਆਪਣੀ ਨਹੀਂ ਤਾਂ ਆਪਣੇ ਬੁੱਢੇ ਬਾਪ ਦੀ ਚਿੱਟੀ ਦਾੜ੍ਹੀ ਦੀ ਤਾਂ ਲਾਜ਼ ਰੱਖ ਲੈਂਦੀ। ਸਾਰੇ ਪਿੰਡ ’ਚ ਨੱਕ ਕਟਵਾ ਕੇ ਰੱਖਤੀ।” ਪਿਉ ਝੁਰਿਆ।
ਉਹ ਅੱਖਾਂ ਨੀਵੀਆਂ ਕਰੀ ਚੁੱਪ-ਚਾਪ ਸਭ ਸੁਣਦੀ ਰਹੀ। ਉਸਨੂੰ ਚੁੱਪ ਦੇਖ ਕੇ ਉਸ ਦੇ ਭਰਾ ਦਾ ਪਾਰਾ ਹੋਰ ਚੜ੍ਹ ਗਿਆ। ਉਸਨੇ ਗੁੱਸੇ ਵਿਚ ਉਸ ਉੱਤੇ ਥੱਪੜਾਂ ਦੀ ਝੜੀ ਲਾ ਦਿੱਤੀ। ਦਰਦ ਨਾਲ ਉਸਦੀਆਂ ਚੀਕਾਂ ਨਿਕਲ ਗਈਆਂ। ਉਸ ਤੋਂ ਹੋਰ ਸਬਰ ਨਾ ਹੋ ਸਕਿਆ। ਉਹ ਬੋਲ ਉੱਠੀ, “ਤੂੰ ਤੇ ਭਰਜਾਈ ਨੇ ਵੀ ਲਵ-ਮੈਰਿਜ ਕੀਤੀ ਸੀ, ਜੇ ਮੈਂ ਕਿਸੇ ਨਾਲ ਪਿਆਰ ਕਰ ਲਿਆ ਤਾਂ ਕਿਹੜਾ ਗੁਨਾਹ ਕੀਤੈ।”
ਥੱਪੜ ਮਾਰਦੇ ਉਸ ਦੇ ਭਰਾ ਦਾ ਹੱਥ ਰੁਕ ਗਿਆ। ਉਹ ਬਿਟਰ-ਬਿਟਰ ਉਸ ਵੱਲ ਤੱਕਣ ਲੱਗਾ। ਸਾਰੇ ਘਰ ਵਿਚ ਚੁੱਪ ਜਿਹੀ ਪਸਰ ਗਈ।
-0-

Wednesday, September 2, 2009

ਪਹਿਚਾਣ


ਦੀਪ ਜ਼ੀਰਵੀ


ਬੱਸ ਵਿਚ ਚੜ੍ਹਦਿਆਂ ਉਹਨੇ ਵੇਖਿਆ ਕਿ ਉਹਨੂੰ ਕੋਈ ਘੂਰ ਰਿਹਾ ਹੈ। ਉਹ ਆਪਣੇ ਕਾਲਜ ਦੇ ਦਿਨਾਂ ਤੋਂ ਹੀ ਖਾੜਕੂ ਕਿਸਮ ਦੀ ਕੁੜੀ ਮੰਨੀ ਜਾਂਦੀ ਸੀ। ਹੁਣ ਕਾਲਜ ਵਿਚ ਲੈਕਚਰਾਰ ਬਣਨ ਦੇ ਬਾਵਜੂਦ ਉਹਦਾ ਖਾੜਕੂ ਸੁਭਾ ਕਾਇਮ ਸੀ। ਅੱਜ ਉਹਨੇ ਪੱਕਾ ਧਾਰ ਲਿਆ ਸੀ ਕਿ ਇਸ ਘੂਰੀਬਾਜ਼ ਨੂੰ ਮਜਾ ਦੱਸਣਾ ਹੀ ਦੱਸਣਾ ਹੈ। ਸਫਰ ਦੌਰਾਨ ਜਿੰਨੀ ਵਾਰ ਵੇਖਿਆ, ਉਹ ਘੂਰਦਾ ਜਿਹਾ ਹੀ ਲੱਗਾ। ‘ਆ ਜਾਣ ਦੇ ਬੱਚੂ ਮੇਰਾ ਸਟਾਪ…ਤੇਰੀ ਭੁਗਤ ਮੈਂ ਸੰਵਾਰੂੰ’, ਉਹ ਮਨ ਵਿਚ ਬੜਬੜ ਕਰੀ ਜਾਂਦੀ ਸੀ।

ਉਹ ਬਸ ਸਟਾਪ ਉੱਤੇ ਉਤਰ ਕੇ ਆਪਣੇ ਵੀਰਾਂ ਨੂੰ ਫੋਨ ਕਰਨ ਹੀ ਲੱਗੀ ਸੀ ਕਿ ਉਹੀ ਘੂਰੀਬਾਜ਼ ਉਹਦੇ ਕੋਲ ਆ ਗਿਆ ਤੇ ਪੈਰੀਂ ਹੱਥ ਲਾਉਂਦਾ ਬੋਲਿਆ, ਮੈਂ ਤੁਹਾਡੇ ਕੋਲੋਂ ਪੜ੍ਹਿਐਂ। ਤੁਸੀਂ ਮੈਨੂੰ ਪਛਾਣਿਆ ਨਹੀਂ?

ਉਹ ਮਨ ਹੀ ਮਨ ਪਛਤਾ ਰਹੀ ਸੀ ਕਿ ਉਹ ਸੱਚੀ ਪਹਿਚਾਣ ਕਰਨ ਵੱਚ ਧੋਖਾ ਖਾ ਗਈ ।

-0-

Friday, August 28, 2009

ਥੋਹਰਾਂ ਦੇ ਸਿਰਨਾਵੇਂ


ਡਾ. ਬਲਦੇਵ ਸਿੰਘ ਖਹਿਰਾ

“ਦੇਖੋ ਬਾਪੂ ਜੀ! ਮੈਨੂੰ ਆਏ ਨੂੰ ਮਹੀਨਾ ਹੋ ਗਿਐ…ਸਾਰੇ ਅੰਗਾਂ-ਸਾਕਾਂ ਨੂੰ ਪੁੱਛ ਲਿਐ…ਕੋਈ ਵੀ ਤੁਹਾਨੂੰ ਦੋਵਾਂ ਨੂੰ ਰੱਖਣ ਲਈ ਤਿਆਰ ਨਹੀਂ…ਮੈਂ ਤੁਹਾਨੂੰ ਇਸ ਬਿਰਧ ਅਵਸਥਾ ’ਚ…ਇਕੱਲੇ ਇਸ ਕੋਠੀ ’ਚ ਬਿਲਕੁਲ ਨਹੀਂ ਛੱਡ ਸਕਦਾ…ਤੁਸੀਂ ਆਪਣਾ ਲੁੱਕ-ਆਫਟਰ ਕਰ ਹੀ ਨਹੀਂ ਸਕਦੇ।”
ਮਾਤਾ ਪਿਤਾ ਨੂੰ ਖਾਮੋਸ਼ ਦੇਖ ਕੇ ਉਹ ਫਿਰ ਬੋਲਿਆ, “ਨਾਲੇ ਅਗਲੇ ਹਫਤੇ ਇਸ ਕੋਠੀ ਦਾ ਕਬਜ਼ਾ ਵੀ ਦੇਣੈ…ਮੈਂ ਸਾਰਾ ਬੰਦੋਬਸਤ ਕਰ ਲਿਐ…ਓਲਡ-ਏਜ ਹੋਮ ਵਾਲੇ ਡੇਢ ਲੱਖ ਲੈਂਦੇ ਨੇ…ਬਾਕੀ ਸਾਰੀ ਉਮਰ ਦੀ ਦੇਖ ਭਾਲ ਉਹਨਾਂ ਦੇ ਜ਼ਿੰਮੇ…।”
“ਪਰਮਿੰਦਰ ਅਸੀਂ ਆਪਣਾ ਘਰ ਛੱਡ ਕੇ ਕਿਤੇ ਨੀ ਜਾਣਾ…ਤੇਰੀ ਮਾਂ ਤਾਂ ਜਮਾ ਈ ਨੀ ਮੰਨਦੀ…ਤੂੰ ਜਾਹ ਅਮਰੀਕਾ…ਸਾਨੂੰ ਸਾਡੇ ਹਾਲ ’ਤੇ ਛੱਡ ਦੇਹ…ਸਾਡਾ ਵਾਹਿਗੁਰੂ ਐ…”
“ਮਾਂ!…ਬਾਪੂ ਜੀ! ਤੁਸੀਂ ਬੱਚਿਆਂ ਵਾਂਗੂ ਜ਼ਿਦ ਕਿਉਂ ਫੜੀ ਬੈਠੇ ਓਂ?…ਕੋਠੀ ਤਾਂ ਵਿਕ ਚੁੱਕੀ ਐ…ਆਪਣੇ ਮਨ ਨੂੰ ਸਮਝਾਓ।” ਕਹਿੰਦਾ ਪਰਮਿੰਦਰ ਆਪਣੇ ਕਮਰੇ ਵਿਚ ਚਲਾ ਗਿਆ। ਉਸੇ ਰਾਤ ਬਾਪੂ ਜੀ ਅਕਾਲ ਚਲਾਣਾ ਕਰ ਗਏ।
ਤਿੰਨ ਦਿਨ ਬਾਦ ਬਾਪੂ ਜੀ ਦੇ ਫੁੱਲ ਕੀਰਤਪੁਰ ਸਾਹਿਬ ਪ੍ਰਵਾਹ ਕਰ ਕੇ ਮੁੜੇ ਤਾਂ ਰਿਸ਼ਤੇਦਾਰਾਂ ਨੇ ਪਰਮਿੰਦਰ ਨੂੰ ਦੱਸਿਆ, “ਮਾਂ ਜੀ ਕਿਸੇ ਨੂੰ ਪਛਾਣਦੇ ਈ ਨਹੀਂ…ਬੱਸ ਵਿਹੜੇ ’ਚ ਬੈਠੇ ਕੋਠੀ ਵੱਲ ਈ ਦੇਖੀ ਜਾਂਦੇ ਨੇ…ਸ਼ਾਇਦ ਉਹ ਪਾਗਲਪਨ ਦੀ ਅਵਸਥਾ ’ਚ ਨੇ।”
“ਤਾਂ ਫਿਰ ਮਾਂ ਨੂੰ ਪਾਗਲਖਾਨੇ ਭਰਤੀ ਕਰਾ ਦਿੰਨੇ ਆਂ…ਥੋਨੂੰ ਨੀ ਪਤਾ, ਇਕ ਇਕ ਦਿਨ ਦਾ ਮੇਰਾ ਕਿੰਨਾ ਨੁਕਸਾਨ ਹੋ ਰਿਹੈ…ਪਿੱਛੇ ਆਪਣੇ ਪਰਿਵਾਰ ਦੀ ਕਿੰਨੀ ਵੱਡੀ ਜ਼ਿੰਮੇਵਾਰੀ ਐ ਮੇਰੇ ਸਿਰ ’ਤੇ।”
ਇਹ ਉਹਨਾਂ ਦੇ ਸਹਿਕ ਸਹਿਕ ਕੇ ਲਏ ਪੁੱਤ ਪਰਮਿੰਦਰ ਦੀ ਆਵਾਜ਼ ਸੀ।
-0-

Friday, August 14, 2009

ਰੁਜ਼ਗਾਰ



ਵਿਵੇਕ

“ਅੱਜ ਸ਼ਰਮੇ ਦੇ ਘਰ ਤਾਂ ਬਹੁਤ ਲੜਾਈ ਹੋਈ। ਦੋਵੇਂ ਨੂਹਾਂ ਇਕ ਦੂਜੀ ਨੂੰ ਟੁੱਟ-ਟੁੱਟ ਕੇ ਪੈ ਰਹੀਆਂ ਸਨ। ਹੁਣ ਨਹੀਂ ਦੋਵੇਂ ਭਰਾ ਇੱਕਠੇ ਰਹਿੰਦੇ।” ਕੰਮ ਤੋਂ ਆ ਸ਼ੀਲੋ ਆਪਣੇ ਘਰਵਾਲੇ ਨੂੰ ਦੱਸ ਰਹੀ ਸੀ।
“ਫਿਰ ਕੀ ਏ…? ਇਹ ਗੱਲ ਤਾਂ ਤੂੰ ਅੱਗੇ ਵੀ ਕਈ ਵਾਰ ਸੁਣਾ ਚੁੱਕੀ ਏਂ।” ਸ਼ੀਲੋ ਦੇ ਘਰਵਾਲੇ ਨੇ ਮੰਜੀ ਉੱਤੇ ਬਹਿ ਬੰਡਲ ਵਿਚੋਂ ਇਕ ਬੀੜੀ ਕੱਢਦਿਆਂ ਕਿਹਾ ਤੇ ਬੀੜੀ ਨੂੰ ਸੁਲਗਾ ਇਕ ਜ਼ੋਰਦਾਰ ਸੂਟਾ ਅੰਦਰ ਨੂੰ ਖਿੱਚਿਆ।
“ਨਹੀਂ ਨਹੀਂ, ਹੁਣ ਉਹ ਗੱਲ ਨਹੀਂ ਰਹਿ ਗਈ। ਸ਼ਰਮੇ ਨੇ ਦੋਵਾਂ ਦੀ ਲੜਾਈ ਤੋਂ ਤੰਗ ਆ ਕੇ ਅੱਜ ਆਖਰ ਕਹਿ ਹੀ ਦਿੱਤਾ ਵਹੁਟੀਆਂ ਨੂੰ, ਬਈ ਤੁਹਾਡੀ ਨਹੀਂ ਨਿਭ ਸਕਦੀ ਤਾਂ ਆਪਣਾ ਅਲੱਗ-ਅਲੱਗ ਹੋ ਜਾਵੋ। ਮੈਂ ਤਾਂ ਕਹਿੰਨੀ ਆਂ, ਜਲਦੀ ਜਲਦੀ ਦੋਵੇਂ ਮੁੰਡੇ ਅੱਡ ਹੋ ਜਾਣ।” ਸ਼ੀਲੋ ਦੇ ਚਿਹਰੇ ਉੱਤੇ ਖੁਸ਼ੀ ਨੱਚ ਰਹੀ ਸੀ।
“ਅਗਲੇ ਦਾ ਘਰ ਦੋਫਾੜ ਹੋ ਜਾਣੈ, ਤੂੰ ਖੁਸ਼ੀ ਮਣਾਈ ਜਾਵੇਂ, ਇਹ ਗੱਲ ਠੀਕ ਨਹੀਂ।” ਸ਼ੀਲੋ ਦੇ ਘਰ ਵਾਲੇ ਨੇ ਬੀੜੀ ਦਾ ਧੂਆਂ ਹਵਾ ਵਿਚ ਛੱਡਿਆ।
“ਖੁਸ਼ੀ ਦੀ ਗੱਲ ਕਿਉਂ ਨਹੀਂ…! ਜੇ ਉਨ੍ਹਾਂ ਦੇ ਇਕ ਤੋਂ ਦੋ ਘਰ ਹੋ ਜਾਣਗੇ ਤਾਂ ਕੰਮ ਤਾਂ ਮੈਂ ਹੀ ਕਰਾਂਗੀ ਦੋਵਾਂ ਘਰਾਂ ’ਚ। ਆਪਣੀ ਆਮਦਨ ਨਾ ਵਧੇਗੀ?” ਸ਼ੀਲੋ ਜ਼ੋਰ ਨਾਲ ਬੋਲੀ ਤੇ ਨਾਲ ਹੀ ਬਾਲਟੀ ਚੁੱਕ ਸਰਕਾਰੀ ਟੂਟੀ ਤੋਂ ਪਾਣੀ ਲੈਣ ਲਈ ਕਮਰੇ ਵਿਚੋਂ ਬਾਹਰ ਨਿਕਲ ਗਈ।
-0-

Friday, August 7, 2009

ਸੰਤਾਂ ਦੀ ਰੋਟੀ



ਬਿਕਰਮਜੀਤ ਨੂਰ
ਮੀਤੋ ਦੇ ਵਾਰ-ਵਾਰ ਜ਼ਿੱਦ ਕਰਨ ਤੇ ਆਖਿਰ ਮਾਂ ਨੇ ਥੱਪੜ ਕੱਢ ਮਾਰਿਆ ਸੀ। ਉਹ ਰੀਂ-ਰੀਂ ਕਰਦਾ ਪਰੇ ਚਲਾ ਗਿਆ ਸੀ। ਮਾਂ ਇਕ ਵਾਰੀ ਫੇਰ ਚੁੱਲ੍ਹੇ-ਚੌਕੇ ਦੇ ਕੰਮ ਵਿਚ ਰੁੱਝ ਗਈ ਸੀ।
ਅੱਜ ਸੰਤਾਂ ਦੀ ਰੋਟੀ ਸੀ। ਆਪਣੇ ਸਿੱਖਾਂ-ਸੇਵਕਾਂ ਦੇ ਮੋਹ-ਪ੍ਰੇਮ ਨੂੰ ਮੁੱਖ ਰੱਖ ਕੇ ਸੰਤ ਹਰਜੀਤ ਸਿੰਘ ਜੀ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਕਥਾ ਕੀਰਤਨ ਕਰਨ ਆਏ ਹੋਏ ਸਨ। ਹਰ ਸਾਲ-ਛੇ ਮਹੀਨਿਆਂ ਬਾਅਦ ਇੱਧਰ ਫੇਰੀ ਪਾਇਆ ਹੀ ਕਰਦੇ ਸਨ।
ਪਿੰਡ ਦੇ ਲੋਕ ਬੇਸ਼ਕ ਕਾਫੀ ਗਰੀਬ ਸਨ, ਪਰ ਸੰਤਾਂ ਪ੍ਰਤੀ ਉਹਨਾਂ ਦੀ ਅਸੀਮ ਸ਼ਰਧਾ ਸੀ। ਇਸੇ ਲਈ ਲੰਗਰ-ਪਾਣੀ ਬਹੁਤ ਹੀ ਪਿਆਰ ਨਾਲ ਛਕਾਇਆ ਕਰਦੇ ਸਨ।
ਬਕਾਇਦਾ ਮੁਰਗਾ ਵੱਢਿਆ ਜਾਂਦਾ। ਢੇਰ ਸਾਰੀਆਂ ਦਾਖਾਂ ਤੇ ਹੋਰ ਸੁੱਕੇ ਮੇਵੇ ਪਾ ਕੇ ਕੜਾਹ-ਪ੍ਰਸ਼ਾਦਿ ਤੇ ਖੀਰ ਆਦਿ ਤਿਆਰ ਕੀਤੇ ਜਾਂਦੇ। ਇਹ ਕੰਮ ਸਵੇਰ ਤੋਂ ਹੀ ਸ਼ੁਰੂ ਕਰ ਲਿਆ ਜਾਂਦਾ।
ਵਾਰੋ ਵਾਰੀ ਸਾਰੇ ਘਰ ਦੋ-ਦੋ ਡੰਗ ਸੰਤਾਂ ਨੂੰ ਪ੍ਰਸ਼ਾਦਾ ਛਕਾਉਂਦੇ।
ਮੀਤਾ ਤਾਂ ਹਨੇਰਾ ਹੋਣ ਸਾਰ ਹੀ ਜ਼ਿੱਦ ਕਰਨ ਲੱਗ ਪਿਆ ਸੀ- “ਬੇਬੇ, ਭੁੱਖ ਲੱਗੀ ਐ।”
“ਨਾ ਪੁੱਤਰ, ‘ਮਹਾਰਾਜ ਜੀ’ ਦੇ ਛਕਣ ਤੋਂ ਬਾਅਦ।”
ਤੇ ਥੱਪੜ ਖਾਣ ਤੋਂ ਬਾਅਦ ਮੀਤਾ ਦੁਬਾਰਾ ਮਾਂ ਦੇ ਨੇੜੇ ਨਹੀਂ ਸੀ ਗਿਆ।
ਕਥਾ-ਕੀਰਤਨ ਤੋਂ ਵਿਹਲੇ ਹੋ ਕੇ ਰਾਤ ਦੇ ਕਰੀਬ ਗਿਆਰਾਂ ਵਜੇ ਸੰਤਾਂ ਨੇ ਆਪਣੇ ਸਿੰਘਾਂ ਸਮੇਤ ਭੋਜਨ ਛਕਿਆ। ਅਰਦਾਸ ਹੋਈ। ਜੈਕਾਰੇ ਛੱਡੇ ਗਏ। ਬਾਕੀ ਪਰਿਵਾਰ ਨੇ ‘ਸੀਤ-ਪ੍ਰਸਾਦਿ’ ਵੱਜੋਂ ਰੋਟੀ ਖਾਧੀ ਤੇ ਸੌਂ ਗਏ।
ਸਵੇਰੇ ਉੱਠ ਕੇ ਬੇਬੇ ਨੇ ਵੇਖਿਆ, ਪਾਸੇ ਜਿਹੇ ਇਕ ਅਲਾਣੀ ਮੰਜੀ ਉੱਤੇ ਮੀਤਾ ਘੂਕ ਸੁੱਤਾ ਹੋਇਆ ਸੀ।
ਉਸ ਦੀਆਂ ਲੱਤਾਂ ਮੰਜੀ ਦੀ ਦੌਣ ਵਿੱਚੋਂ ਥੱਲੇ ਲਮਕ ਰਹੀਆਂ ਸਨ।
-0-

Tuesday, July 14, 2009

ਗੁਬਾਰਾ


ਡਾ. ਸ਼ਿਆਮ ਸੁੰਦਰ ਦੀਪਤੀ
ਗਲੀ ਵਿੱਚੋਂ ਗੁਬਾਰੇ ਵਾਲਾ ਰੋਜ਼ ਲੰਘਦਾ। ਉਹ ਬਾਹਰ ਖੜੇ ਬੱਚੇ ਨੂੰ ਗੁਬਾਰਾ ਫੜਾ ਦਿੰਦਾ ਤੇ ਬੱਚਾ ਮਾਂ-ਪਿਉ ਨੂੰ ਵਿਖਾਉਂਦਾ। ਫਿਰ ਬੱਚਾ ਆਪ ਹੀ ਪੈਸੇ ਲੈ ਕੇ ਜਾਂਦਾ ਜਾਂ ਬੱਚੇ ਦੇ ਮਾਂ-ਪਿਉ। ਇਸੇ ਤਰ੍ਹਾਂ ਹੀ ਇਕ ਦਿਨ ਮੇਰੀ ਗੁੱਡੀ ਨਾਲ ਹੋਇਆ। ਮੈਂ ਉੱਠ ਕੇ ਬਾਹਰ ਗਿਆ ਤੇ ਗੁਬਾਰੇ ਦਾ ਰੁਪਿਆ ਦੇ ਆਇਆ। ਦੂਜੇ ਦਿਨ ਫਿਰ ਬੇਟੀ ਨੇ ਇੰਜ ਹੀ ਕੀਤਾ। ਮੈਂ ਕਿਹਾ, “ਬੇਟੇ ਕੀ ਕਰਨਾ ਹੈ ਗੁਬਾਰਾ, ਰਹਿਣ ਦੇ।” ਪਰ ਉਹ ਕਿੱਥੇ ਮੰਨਦੀ ਸੀ, ਰੁਪਿਆ ਲੈ ਕੇ ਹੀ ਗਈ। ਤੀਜੇ ਦਿਨ ਜਦੋਂ ਰੁਪਿਆ ਦਿੱਤਾ, ਤਾਂ ਲੱਗਿਆ ਬਈ ਇਹ ਰੋਜ਼ ਦਾ ਕੰਮ ਠੀਕ ਨਹੀਂ। ਇਕ ਰੁਪਿਆ ਰੋਜ਼, ਮਹਿਜ਼ ਦਸ ਮਿੰਟ ਵਾਸਤੇ। ਇਹ ਹੁਣੇ ਫਟ ਜਾਣੈ।
ਮੈਂ ਆਰਾਮ ਨਾਲ ਬੈਠ ਕੇ ਬੇਟੀ ਨੂੰ ਸਮਝਾਇਆ, “ਬੇਟੇ! ਗੁਬਾਰਾ ਕੋਈ ਖਾਣ ਦੀ ਚੀਜ਼ ਹੈ? ਨਹੀਂ ਹੈ ਨਾ! ਇਕ ਮਿੰਟ ਵਿਚ ਹੀ ਫਟ ਜਾਂਦਾ ਹੈ। ਗੁਬਾਰਾ ਅੱਛਾ ਨਹੀਂ ਹੁੰਦਾ। ਅੱਛੇ ਬੱਚੇ ਗੁਬਾਰੇ ਨਹੀਂ ਲੈਂਦੇ ਹੁੰਦੇ। ਆਪਾਂ ਬਜ਼ਾਰੋਂ ਅੱਛੀ ਚੀਜ਼ ਲੈ ਕੇ ਆਵਾਂਗੇ।” ਉਹ ਬੈਠੀ ਸਿਰ ਹਿਲਾਉਂਦੀ ਰਹੀ।
ਅਗਲੇ ਦਿਨ ਜਦੋਂ ਗੁਬਾਰੇ ਵਾਲੇ ਦੀ ਅਵਾਜ਼ ਗਲੀ ਵਿਚੋਂ ਆਈ ਤਾਂ ਬੇਟੀ ਬਾਹਰ ਨਹੀਂ ਨਿਕਲੀ ਤੇ ਮੇਰੇ ਵੱਲ ਦੇਖ ਕੇ ਕਹਿਣ ਲੱਗੀ, “ ਗੁਬਾਰਾ ਅੱਛਾ ਨਹੀਂ ਹੁੰਦਾ ਨਾ। ਭਾਈ ਰੋਜ਼ ਹੀ ਆ ਜਾਂਦਾ ਹੈ। ਮੈਂ ਉਸ ਨੂੰ ਕਹਿ ਆਵਾਂ ਉਹ ਚਲਾ ਜਾਵੇ।”
“ਉਹ ਆਪ ਹੀ ਚਲਾ ਜਾਵੇਗਾ,” ਮੈਂ ਕਿਹਾ। ਉਹ ਬੈਠ ਗਈ। ਮੈਂ ਸੋਚਿਆ, ਛੇਤੀ ਅਸਰ ਹੋ ਗਿਆ ਹੈ।
ਉਸ ਤੋਂ ਅਗਲੇ ਦਿਨ ਗੁਬਾਰੇ ਵਾਲੇ ਦੀ ਅਵਾਜ਼ ਸੁਣ ਕੇ ਉਹ ਬਾਹਰ ਜਾਣ ਲੱਗੀ ਤੇ ਮੈਨੂੰ ਕਿਹਾ, “ਮੈਂ ਗੁਬਾਰਾ ਨਹੀਂ ਲੈਂਦੀ,” ਤੇ ਫਿਰ ਜਦੋਂ ਮੁੜ ਕੇ ਆਈ ਤਾਂ ਮੈਨੂੰ ਕਹਿੰਦੀ, “ਅੱਛੇ ਬੱਚੇ ਗੁਬਾਰਾ ਨਹੀਂ ਲੈਂਦੇ ਨਾ। ਰਾਜੂ ਤਾਂ ਅੱਛਾ ਬੱਚਾ ਨਹੀਂ ਹੈ। ਗੁਬਾਰਾ ਤਾਂ ਮਿੰਟ ’ਚ ਹੀ ਫਟ ਵੀ ਜਾਂਦਾ ਹੈ।” ਆਖਦੀ ਹੋਈ ਮੰਮੀ ਕੋਲ ਰਸੋਈ ਵਿਚ ਚਲੀ ਗਈ ਤੇ ਕਹਿਣ ਲੱਗੀ, “ਮੰਮੀ ਜੀ, ਮੈਨੂੰ ਗੁਬਾਰਾ ਲੈ ਦਿਉ ਨਾ।”
-0-

Wednesday, July 8, 2009

ਜਵਾਬ


ਜਸਬੀਰ ਢੰਡ

ਨਵੀਂ-ਨਵੀਂ ਪਿੰਡ ਵਿਚ ਵਿਆਹੀ ਆਈ ਸਾਂ।
ਮੇਰੇ ਮਾਪਿਆਂ ਵੱਲੋਂ ਔਖੇ ਹੋ ਕੇ ਦਿੱਤੇ ਦਾਜ ਦੀ ਜਿਵੇਂ ਕੋਈ ਵੀ ਚੀਜ਼ ਇਨ੍ਹਾਂ ਦੇ ਘਰਦਿਆਂ ਦੇ ਪਸੰਦ ਨਹੀਂ ਸੀ।
ਪੰਜ-ਛੇ ਦਿਨਾਂ ਬਾਦ ਹੀ ਚੌਂਕੇ ਚੜ੍ਹਾ ਦਿੱਤੀ ਗਈ ਸਾਂ। ਬਸ ਫੇਰ ਚੱਲ ਸੋ ਚੱਲ…।
ਇਹ ਤਾਂ ਸਵੇਰੇ ਹੀ ਸ਼ਹਿਰ ਡਿਊਟੀ ਤੇ ਚਲੇ ਜਾਂਦੇ। ਮੂੰਹ-ਹਨੇਰੇ ਉੱਠ ਰੋਟੀਆਂ ਪਕਾ ਕੇ ਇਨ੍ਹਾਂ ਦਾ ਟਿਫ਼ਿਨ ਤਿਆਰ ਕਰ ਦਿੰਦੀ। ਸਵੇਰ ਦੇ ਗਏ ਸ਼ਾਮ ਨੂੰ ਆਉਂਦੇ।
ਬਾਦ ਵਿਚ ਇੰਜ ਜਾਪਦਾ ਕਿ ਸਾਰਾ ਟੱਬਰ ਇੱਕ ਪਾਸੇ ਹੈ ਤੇ ਮੈਂ ਇਕੱਲੀ ਇੱਕ ਪਾਸੇ।
ਇਨ੍ਹਾਂ ਦੇ ਜਾਣ ਬਾਦ ਪਹਿਲਾਂ ਤਾਂ ਸਾਰੇ ਟੱਬਰ ਨੂੰ ਚਾਹ-ਨਾਸ਼ਤਾ ਕਰਾਉਂਦੀ, ਫੇਰ ਕਪੜੇ ਧੋਣ ਬੈਠ ਜਾਂਦੀ। ਵਿਹੜੇ ਵਿਚ ਲੱਗਿਆ ਗੱਡੇ ਵਰਗਾ ਭਾਰਾ ਨਲਕਾ ਵੀ ਜਿਵੇਂ ਮੈਥੋਂ ਬਦਲਾ ਲੈਣ ਲਈ ਹੀ ਖੜਾ ਸੀ।
ਸਾਰਾ ਟੱਬਰ ਲਾਹ-ਲਾਹ ਕੇ ਕਪੜੇ ਸੁੱਟੀ ਜਾਂਦਾ।
ਨਲਕਾ ਗੇੜਨ ਲਗਦੀ ਤਾਂ ਵੱਖੀਆਂ ਚੜ੍ਹ ਜਾਂਦੀਆਂ। ਨਲਕੇ ਦੀ ਹੱਥੀ ਤੇ ਪੂਰਾ ਜ਼ੋਰ ਲਾ ਕੇ ਥੱਲੇ ਲਿਆਉਂਦੀ ਤਾਂ ਉਹ ਜਿਵੇਂ ਸਪਰਿੰਗ ਵਾਂਗ ਉੱਛਲ ਕੇ ਫੇਰ ਉੱਪਰ ਆ ਜਾਂਦੀ। ਪਾਣੀ ਦੀ ਬੱਝਵੀਂ ਧਾਰ ਤਾਂ ਪੈਂਦੀ ਹੀ ਨਹੀਂ ਸੀ। ਇਕ ਗੇੜੇ ’ਚ ਕੌਲੀ ਕੁ ਪਾਣੀ ਦੀ ਮਸੀਂ ਨਿਕਲਦੀ। ਪਾਣੀ ਤਾਂ ਜਿਵੇਂ ਪਿੱਛੇ ਨੂੰ ਮੁੜ ਜਾਂਦਾ। ਇਕ ਬਾਲਟੀ ਪਾਣੀ ਦੀ ਭਰਨ ਤੇ ਘੰਟਾ ਲੱਗ ਜਾਂਦਾ। ਕੁੱਝ ਤਾਂ ਨਲਕਾ ਗੇੜਦਿਆਂ ਤੇ ਕੁੱਝ ਥਾਪੀ ਨਾਲ ਢੇਰ ਕਪੜਿਆਂ ਦਾ ਧੋਂਦਿਆਂ ਬਾਹਾਂ ਟੁੱਟਣ ਵਾਲੀਆਂ ਹੋ ਜਾਂਦੀਆਂ। ਬੈਠੀ-ਬੈਠੀ ਦੀ ਢੂਹੀ ਦੁਖਣ ਲੱਗ ਜਾਂਦੀ।
ਉਸ ਦਿਨ ਛੁੱਟੀ ਸੀ।
ਮੈਂ ਸੰਗਦਿਆਂ-ਸੰਗਦਿਆਂ ਇਨ੍ਹਾਂ ਨੂੰ ਦੋ ਬਾਲਟੀਆਂ ਪਾਣੀ ਦੀਆਂ ਭਰਨ ਲਈ ਕਹਿ ਦਿੱਤਾ। ਨਲਕਾ ਗੇੜਦਿਆਂ ਇਨ੍ਹਾਂ ਨੂੰ ਵੀ ਮਹਿਸੂਸ ਹੋਇਆ ਕਿ ਮੈਂ ਹਰ ਰੋਜ਼ ਕਿੰਨੀ ਤੰਗ ਹੁੰਦੀ ਹੋਵਾਂਗੀ।
ਨਨਾਣ ਅੰਦਰੋਂ ਨਿਕਲੀ। ਇਨ੍ਹਾਂ ਨੂੰ ਨਲਕਾ ਗੇੜਦਿਆਂ ਵੇਖ, ਚਾਂਭਲ ਕੇ ਬੋਲੀ, “ਕਿਉਂ ਵੀਰੇ, ਲੱਗ ਗਿਆ ਨਾ ਆਉਣ ਸਾਰ ਭਾਬੋ ਦਾ ਪਾਣੀ ਭਰਨ।”
ਇਹ ਝੇਂਪ ਜਿਹੀ ਖਾ ਗਏ। ਮੈਨੂੰ ਵੀ ਲਾ ਕੇ ਆਖੀ ਗੱਲ ਚੁਭਣ ਲੱਗੀ।
ਫੇਰ ਅੰਦਰੋਂ ਹੋਰ ਆਵਾਜ਼ਾਂ ਆਉਣ ਲੱਗੀਆਂ।
“ਪਤਾ ਨੀ ਆਉਣ ਸਾਰ ਈ ਬੰਦਿਆਂ ਦੇ ਸਿਰ ’ਚ ਕੀ ਧੂੜਦੀਐਂ ਅੱਜ-ਕੱਲ੍ਹ ਦੀਆਂ…।”
“ਜੋਰੂ ਦਾ ਗੁਲਾਮ!”
“ਪਹਿਲਾਂ ਵੀ ਤਾਂ ਇਹੀ ਨਲਕਾ ਸੀ…।”
ਸਾਨੂੰ ਦੋਹਾਂ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਇਹ ਆਵਾਜ਼ਾਂ ਨਹੀਂ, ਕੋਈ ਜ਼ਹਿਰ ਬੁਝੇ ਤੀਰ ਹੋਣ। ਇਹ ਨਲਕਾ ਗੇੜਦੇ ਥੱਕ ਗਏ, ਮੈਂ ਕਪੜੇ ਧੋਂਦੀ। ਇੰਜ ਜਾਪਿਆ ਜਿਵੇਂ ਅਸੀਂ ਇਸ ਟੱਬਰ ਦੇ ਮੁਜਰਮ ਹੋਈਏ।
ਫਿਰ ਪਤਾ ਨਹੀਂ ਇਨ੍ਹਾਂ ਦੇ ਮਨ ਵਿਚ ਕੀ ਆਈ, ਅਚਾਨਕ ਇਨ੍ਹਾਂ ਨਲਕਾ ਗੇੜਨਾ ਬੰਦ ਕਰ ਦਿੱਤਾ। ਅੰਦਰ ਜਾਕੇ ਆ ਰਹੀਆਂ ਆਵਾਜ਼ਾਂ ਦਾ ਜਵਾਬ ਦੇਣ ਦੀ ਥਾਂ ਇਹ ਬਾਹਰ ਨੂੰ ਤੁਰ ਪਏ।
ਥੋੜੀ ਦੇਰ ਬਾਦ ਮਿਸਤਰੀ ਰੇੜ੍ਹੇ ਉੱਤੇ ਮੋਟਰ ਲਾਉਣ ਵਾਲਾ ਸਮਾਨ ਲੈ ਕੇ ਆ ਗਿਆ।
ਮੇਰੀ ਸਾਰੀ ਥਕਾਵਟ ਜਿਵੇਂ ਖੰਭ ਲੈ ਕੇ ਕਿੱਧਰੇ ਉੱਡ-ਪੁੱਡ ਗਈ ਸੀ।
-0-

Tuesday, June 30, 2009

ਸਾਂਝੀਦਾਰ



ਦਰਸ਼ਨ ਮਿਤਵਾ
ਉਸ ਦਸ-ਗਿਆਰਾਂ ਸਾਲਾਂ ਦੇ ਮੁੰਡੇ ਦਾ ਆਪਣੇ ਸਾਈਕਲ ਉੱਤੇ ਕਾਬੂ ਨਾ ਰਿਹਾ ਅਤੇ ਉਹ ਸਾਈਕਲ ਸਣੇ ਸੜਕ ਦੇ ਵਿਚਕਾਰ ਧੜੰਮ ਦੇ ਕੇ ਜਾ ਡਿੱਗਿਆ। ਸਾਈਕਲ ਦੇ ਪਿੱਛੇ ਖੁਰਜੀ ਵਿਚ ਲੱਦੀਆਂ ਖਾਲੀ ਬੋਤਲਾਂ ਵੀ ਸੜਕ ਉੱਤੇ ਖਿੱਲਰ ਗਈਆਂ। ਉਹਨਾਂ ਵਿਚੋਂ ਕੁੱਝ ਫੁੱਟ ਕੇ ਕੀਚਰ-ਕੀਚਰ ਹੋ ਗਈਆਂ।
ਦੇਖਣ ਵਾਲੇ ਖਿੜਖਿੜਾ ਕੇ ਹੱਸ ਪਏ।
“ਸਾਲੇ ਤੋਂ ਆਪਦਾ ਆਪ ਸੰਭਦਾ ਨੀਂ…ਚਿੱਤੜਾਂ ਥੱਲੇ ਸੈਂਕਲ ਪਹਿਲਾਂ ਦੇ ਲਿਆ।” ਪਹਿਲਾ ਬੋਲਿਆ।
“ਇਹੋਜੇ ਮਾਂ-ਪਿਓ ਐ, ਜੇਹੜੇ ਆਈਂ ਜੁਆਕਾਂ ਨੂੰ ਜਾਣਬੁੱਝ ਕੇ ਮਰਨ ਵਾਸਤੇ ਤੋਰ ਦਿੰਦੇ ਐ, ਬਈ ਇਹਦੀ ਕੋਈ ਉਮਰ ਐ ਹਾਲੇ ਸੈਂਕਲ ਤੇ ਏਨਾ ਭਾਰ ਖਿੱਚਣ ਦੀ…।” ਦੂਸਰੇ ਨੇ ਕਿਹਾ।
ਪਰ ਤੀਸਰੇ ਵਿਅਕਤੀ ਨੇ ਭੱਜ ਕੇ ਕਾਹਲੀ ਨਾਲ ਉਸ ਨੂੰ ਖੜਾ ਕੀਤਾ, “ਸੱਟ ਤਾਂ ਨੀ ਵੱਜੀ, ਸ਼ੇਰਾ!” ਉਸ ਨੂੰ ਆਪਣਾ ਮੁੰਡਾ ਮੱਖਣ ਯਾਦ ਆਇਆ ਤਾਂ ਉਸ ਨੇ ਸੜਕ ਤੇ ਖਿੱਲਰੀਆਂ ਖਾਲੀ ਬੋਤਲਾਂ ਚੁੱਕ-ਚੁੱਕ ਕੇ ਉਸ ਮੁੰਡੇ ਦੀ ਖੁਰਜੀ ਵਿਚ ਪਾਉਣੀਆਂ ਸ਼ੁਰੂ ਕਰ ਦਿੱਤੀਆਂ, “ਸੈਂਕਲ ਧਿਆਨ ਨਾਲ ਚਲਾਇਆ ਕਰ ਪੁੱਤ…!”
ਉਸਨੇ ਉਸ ਦੇ ਸਿਰ ਉੱਤੇ ਹੱਥ ਫੇਰਦਿਆਂ ਕਿਹਾ।
“ਖਾਲੀ ਬੋਤਲਾਂ, ਪੀਪੀਆਂ-ਪੀਪੇ, ਰੱਦੀ ਵੇਚ ਲੈ…।”
ਥੋੜੀ ਦੂਰ ਜਾ ਕੇ ਉਸ ਮੁੰਡੇ ਨੇ ਭਰਵਾਂ ਜਿਹਾ ਹੋਕਰਾ ਮਾਰਿਆ ਤਾਂ ਉਸ ਤੀਸਰੇ ਵਿਅਕਤੀ ਦਾ ਮਨ ਤਸੱਲੀ ਨਾਲ ਭਰ ਗਿਆ ਜਿਵੇਂ ਸਾਈਕਲ ਉੱਤੇ ਪਿੰਡਾਂ ਵਿਚ ਜਾ ਕੇ ਸਬਜ਼ੀ ਵੇਚ ਰਿਹਾ ਉਸਦਾ ਆਪਣਾ ਮੁੰਡਾ ਮੱਖਣ ਹੋਕਾ ਲਾ ਰਿਹਾ ਹੋਵੇ, “ਆਲੂ, ਗੋਭੀ, ਬੈਂਗਣ ਏ…।”
-0-

Wednesday, June 17, 2009

ਮੁਕਤੀ



ਜਗਦੀਸ਼ ਰਾਏ ਕੁਲਰੀਆਂ
“ਪੁੱਤਰ! ਮੇਰੀ ਤਾਂ ਇਹੀ ਅਰਜ਼ ਐ ਕਿ ਮੇਰੇ ਮਰਨ ਤੋਂ ਬਾਦ ਮੇਰੇ ਫੁੱਲ ਗੰਗਾ ਜੀ ਪਾ ਕੇ ਆਈਂ…।” ਮਰਨ ਕਿਨਾਰੇ ਪਏ ਬਿਸ਼ਨੇ ਬੁੜ੍ਹੇ ਨੇ ਆਪਣੇ ਇਕਲੌਤੇ ਪੁੱਤਰ ਵਿਸਾਖਾ ਸਿੰਘ ਅੱਗੇ ਤਰਲਾ ਜਿਹਾ ਕੀਤਾ ਸੀ। ਘਰ ਦੀ ਗੁਰਬਤ ਦੇ ਕਾਰਨ ਇਲਾਜ ਕਰਾਉਣਾ ਹੀ ਔਖਾ ਸੀ। ਉੱਪਰੋਂ ਮਰਨੇ ਦੇ ਖਰਚੇ, ਫੁੱਲ ਪਾਉਣ ਆਦਿ ਦੀਆਂ ਰਸਮਾਂ ਤੇ ਹੋਣ ਵਾਲੇ ਸੰਭਾਵੀ ਖਰਚਿਆਂ ਬਾਰੇ ਕਿਆਸ ਕਰ ਕੇ, ਉਹ ਧੁਰ ਅੰਦਰ ਤੱਕ ਕੰਬ ਜਾਂਦਾ ਸੀ।
“ਲਓ ਬੱਚਾ! ਪਾਂਚ ਰੁਪਏ ਹਾਥ ਮੇਂ ਲੇਕਰ ਸੂਰਜ ਦੇਵਤਾ ਕਾ ਧਿਆਨ ਕਰੋ।” ਫੁਟਬਾਲ ਵਰਗੇ ਢਿੱਡ ਵਾਲੇ ਪੰਡੇ ਦੇ ਬੋਲਾਂ ਨੇ ਉਸਦੀ ਸੁਰਤੀ ਨੂੰ ਵਾਪਸ ਮੋੜਿਆ।
ਗੰਗਾ ਵਿਚ ਖੜੇ ਉਸਨੂੰ ਕਾਫੀ ਸਮਾਂ ਹੋ ਗਿਆ ਸੀ। ਪੰਡਾ ਕਦੇ ਕਿਸੇ ਦੇ ਨਾਂ ਤੇ, ਕਦੇ ਕਿਸੇ ਦੇ ਨਾਂ ਤੇ, ਉਸ ਤੋਂ ਪੰਜ-ਪੰਜ, ਦਸ-ਦਸ ਕਰ ਕੇ ਰੁਪਏ ਬਟੋਰ ਰਿਹਾ ਸੀ।
“ਏਸੇ ਕਰੋ ਬੇਟਾ! ਦਸ ਰੁਪਏ ਦਾਏਂ ਹਾਥ ਮੇਂ ਲੇਕਰ ਅਪਨੇ ਪੂਰਵਜੋਂ ਕਾ ਧਿਆਨ ਕਰੋ…ਇਸ ਸੇ ਮਰਨੇ ਵਾਲੇ ਕੀ ਆਤਮਾ ਕੋ ਸ਼ਾਤੀ ਮਿਲਤੀ ਹੈ…।”
ਹੁਣ ਉਸ ਤੋਂ ਰਿਹਾ ਨਾ ਗਿਆ, “ਪੰਡਤ ਜੀ, ਆਹ ਕੀ ਠੱਗੀ-ਠੋਰੀ ਫੜੀ ਐ…ਇਕ ਤਾਂ ਸਾਡਾ ਬੰਦਾ ਜਹਾਨ ਤੋਂ ਚਲਾ ਗਿਆ, ਉੱਤੋਂ ਤੁਸੀਂ ਮਰੇ ਦਾ ਮਾਸ ਖਾਣੋਂ ਨਹੀਂ ਹਟਦੇ। ਇਹ ਕਿਹੋ ਜਿਹੇ ਸੰਸਕਾਰ ਨੇ?”
“ਅਰੇ ਮੂਰਖ! ਤੁਮ੍ਹੇਂ ਪਤਾ ਨਹੀਂ ਬ੍ਰਾਹਮਣੋਂ ਸੇ ਕੈਸੇ ਬਾਤ ਕੀ ਜਾਤੀ ਹੈ! ਜਾਓ, ਮੈਂ ਨਹੀਂ ਕਰਵਾਤਾ ਪੂਜਾ। ਡਾਲੋ, ਕੈਸੇ ਡਾਲੋਗੇ ਗੰਗਾ ਮੇਂ ਫੂਲ?…ਅਬ ਤੁਮ੍ਹਾਰੇ ਬਾਪ ਕੀ ਗਤੀ ਨਹੀਂ ਹੋਗੀ…ਉਸ ਕੀ ਆਤਮਾ ਭਟਕਤੀ ਫਿਰੇਗੀ…।” ਪੰਡੇ ਨੇ ਗੁੱਸੇ ਹੁੰਦਿਆਂ ਕਿਹਾ।
“ਬਾਪੂ ਨੇ ਜਦੋਂ ਏਥੇ ਸਵਰਗ ਨਹੀਂ ਭੋਗਿਆ…ਸਾਰੀ ਉਮਰ ਦੁੱਖਾਂ ’ਚ ਗਾਲਤੀ… ਆਹ ਤੇਰੇ ਮੰਤਰ ਕਿਹੜੇ ਸਵਰਗਾਂ ’ਚ ਵਾੜ ਦੇਣਗੇ…ਲੋੜ ਨੀਂ ਮੈਨੂੰ ਥੋਡੇ ਇਨ੍ਹਾਂ ਮੰਤਰਾਂ ਦੀ…ਜੇ ਤੂੰ ਨਹੀਓਂ ਫੁੱਲ ਪਵਾਉਂਦਾ ਤਾਂ…” ਇੰਨਾ ਕਹਿੰਦਿਆਂ ਉਸ ਨੇ ਆਪਣੇ ਹੱਥਾਂ ਵਿਚ ਫੜੇ ਫੁੱਲਾਂ ਨੂੰ ਥੋੜਾ ਨੀਵਾਂ ਕਰ ਕੇ ਗੰਗਾ ਦੀਆਂ ਲਹਿਰਾਂ ਨਾਲ ਇਕਮਿਕ ਕਰਦਿਆਂ ਫੇਰ ਕਿਹਾ, “ਲੈ ਆਹ ਪਾਤੇ।”
ਉਸਦਾ ਇਹ ਢੰਗ ਦੇਖ ਕੇ ਪੰਡੇ ਦਾ ਮੂੰਹ ਅੱਡਿਆ ਰਹਿ ਗਿਆ।
-0-

Friday, May 29, 2009

ਸਟੇਟਸ


-->
ਡਾ. ਬਲਦੇਵ ਸਿੰਘ ਖਹਿਰਾ
ਰਿੰਪਲ ਆਪਣੇ ਛੋਟੇ ਭਰਾ ਦੇ ਵਿਆਹ ਪਿੰਡ ਆਈ ਹੋਈ ਸੀ। ਦੁਖਸੁਖ ਕਰਦਿਆਂ ਮਾਂ ਨੂੰ ਪਤਾ ਲੱਗਿਆ ਕਿ ਘਰ ਦੇ ਕੰਮਕਾਜ ਤੇ ਨੌਕਰੀ ਕਰਕੇ ਕੁੜੀ ਔਖੀ ਹੈ। ਵਾਪਸੀ ਵਾਲੇ ਦਿਨ ਮਾਂ ਦੀ ਆਵਾਜ਼ ਸੁਣ ਕੇ ਰਿੰਪਲ ਤੇ ਉਹਦਾ ਪਤੀ ਦੋਵੇਂ ਬਾਹਰ ਆ ਗਏ।
ਰਿੰਪੀ! ਇਹ ਆਪਣੇ ਘੁੱਦੂ ਸੀਰੀ ਦੀ ਛੋਟੀ ਧੀ ਐ, ਏਸੇ ਸਾਲ ਪੰਜਵੀ ਜਮਾਤ ਪਾਸ ਕੀਤੀ ਐ।
ਅੱਛਾ!ਰਿੰਪੀ ਫੁਲਕਾਰੀ ਵਾਲੀ ਚੁੰਨੀ ਨੂੰ ਤਹਿ ਲਾਉਂਦਿਆਂ ਬੋਲੀ।
ਮਾਪਿਆਂ ਨੇ ਅੱਗੇ ਤਾਂ ਪੜ੍ਹਾਉਣੀ ਨੀ, ਖੌਰੇ ਵਿਆਹ ਬਾਰੇ ਸੋਚਣ ਲੱਗ ਪੈਣ…।
ਆਹੋ! ਏਹੀ ਕੁਸ਼ ਹੁੰਦੈ ਏਹਨਾਂ ’ਚ।
ਮੈਂ ਮਸਾਂ ਏਹਦੀ ਮਾਂ ਨੂੰ ਮਣਾਇਐ, ਦੋ ਚਾਰ ਸਾਲ ਆਪਣੇ ਕੋਲ ਰੱਖ ਲੈ, ਤੇਰੇ ਨਾਲ ਕੰਮ ਕਰਾ ਦੂ।
ਕੁੜੀ ਦੀਆਂ ਅੱਖਾਂ ਕਿਸੇ ਉਮੀਦ ਨਾਲ ਚਮਕ ਪਈਆਂ।
ਪਰ ਮਾਂ! ਏਹਦਾ ਰੰਗ ਤਾਂ ਦੇਖ ਕਿੰਨਾ ਕਾਲਾ ਐ…ਸਾਰੇ ਕੀ ਕਹਿਣਗੇ! ਉਹ ਦਬੀ ਆਵਾਜ਼ ਵਿਚ ਬੋਲੀ।
ਰਿੰਪਲ ਦਾ ਪਤੀ ਆਪਣੇ ਆਪ ਨੂੰ ਰੋਕ ਨਾ ਸਕਿਆ, ਆਹ ਜਿਹੜਾ ਵਿਆਹ ’ਚ ਦੋ ਦਿਨ ਖਾਂਦੇ ਪੀਂਦੇ ਰਹੇ…ਏਹਨਾਂ ਦੇ ਹੱਥਾਂ ਦਾ ਤਾਂ ਖਾਂਦੇ ਰਹੇ ਆਂ…ਇਹਨੂੰ ਕੀ ਹੋਇਐ?…ਚੰਗੀ ਭਲੀ ਐ…ਤੰਦਰੁਸਤ ਐ।
ਰਿੰਪਲ ਭੈੜਾ ਜਿਹਾ ਮੂੰਹ ਬਣਾ ਕੇ ਬੋਲੀ, ਵਿਆਹ ਮੌਕੇ ਸਾਰਿਆਂ ਨਾਲ ਇਕ ਅੱਧ ਦਿਨ ਚਲ ਗਿਆ…ਉੱਥੇ ਸ਼ਹਿਰ ’ਚ…ਕਿੱਟੀ ਪਾਰਟੀ ’ਚ ਮੇਰੀਆਂ ਸਹੇਲੀਆਂ ਨੇ ਤਾਂ ਏਹਤੋਂ ਪਾਣੀ ਵੀ ਨੀ ਪੀਣਾ…ਆਖਰ ਮੇਰੇ ਸਟੇਟਸ ਦਾ ਸਵਾਲ ਐ।
-0-

Friday, May 22, 2009

ਸੰਤੁਸ਼ਟੀ

ਸੁਖਵੰਤ ਮਰਵਾਹਾ
ਦਰੱਖਤ ਦੀ ਛਾਂ ਹੇਠ ਲੇਟ ਕੇ ਖਰਬੂਜੇ ਵੇਚ ਰਹੇ ਬਜ਼ੁਰਗ ਨੂੰ ਇਕ ਆਦਮੀ ਨੇ ਪੁੱਛਿਆ, “ਖਰਬੂਜੇ ਕਿਸ ਭਾਅ ਵੇਚੇ ਜਾ ਰਹੇ ਨੇ?”
ਬਜ਼ੁਰਗ ਨੇ ਲੇਟਿਆਂ ਹੀ ਉੱਤਰ ਦਿੱਤਾ, “ਪੰਜਾਹ ਪੈਸੇ ਦਾ ਇਕ ਐ, ਕੋਈ ਲੈ ਲਓ।”
ਉਹ ਆਦਮੀ ਬਹੁਤ ਹੈਰਾਨ ਹੋਇਆ। ਉਸ ਨੇ ਬਜ਼ੁਰਗ ਨੂੰ ਕਿਹਾ, “ਤੁਹਾਨੂੰ ਇਕ ਸਲਾਹ ਦਿਆਂ। ਤੁਸੀਂ ਖਰਬੂਜੇ ਬੈਠ ਕੇ ਵੇਚਿਆ ਕਰੋ।”
ਬਜ਼ੁਰਗ ਨੇ ਪੁੱਛਿਆ, “ਬੈਠ ਕੇ ਖਰਬੂਜੇ ਵੇਚਣ ਨਾਲ ਕੀ ਹੋਏਗਾ?”
ਆਦਮੀ ਬੋਲਿਆ, “ਬੈਠ ਕੇ ਖਰਬੂਜੇ ਧਿਆਨ ਨਾਲ ਵੇਚੋ ਤਾਂ ਇਨ੍ਹਾਂ ਵਿੱਚੋਂ ਕੁਝ ਇਕ ਰੁਪਏ ਦੇ ਤੇ ਕੁਝ ਇਸ ਤੋਂ ਵੀ ਵੱਧ ਦੇ ਵਿਕ ਸਕਦੇ ਹਨ। ਇਸ ਤਰ੍ਹਾਂ ਤੁਸੀਂ ਰੋਜ਼ ਬਹੁਤ ਪੈਸੇ ਕਮਾ ਸਕਦੇ ਹੋ ਤੇ ਇੱਥੇ ਇਕ ਪੱਕੀ ਦੁਕਾਨ ਖੜੀ ਕਰਨ ਦੇ ਯੋਗ ਹੋ ਸਕਦੇ ਹੋ।”
“ਗੱਲ ਤਾਂ ਤੇਰੀ ਠੀਕ ਐ। ਪਰ ਦੁਕਾਨ ’ਚ ਮੈਂ ਕੀ ਕਰਾਂਗਾ?”
“ਦੁਕਾਨ ’ਚ ਬਹਿ ਕੇ ਤੁਸੀਂ ਆਰਾਮ ਨਾਲ ਖਰਬੂਜੇ ਵੇਚ ਸਕੋਗੇ।”
ਬਜ਼ੁਰਗ ਕੁਝ ਦੇਰ ਉਸ ਆਦਮੀ ਦੇ ਚਿਹਰੇ ਵੱਲ ਵੇਖਦਾ ਰਿਹਾ ਤੇ ਫਿਰ ਬੋਲਿਆ, “ਫਿਰ ਆਰਾਮ ਕਿੱਥੇ ਰਹਿਣੈ। ਆਰਾਮ ਨਾਲ ਤਾਂ ਮੈਂ ਹੁਣ ਖਰਬੂਜੇ ਵੇਚ ਰਿਹੈਂ।”
-0-

Thursday, May 21, 2009

ਰਿਸ਼ਤਾ

ਸੁਲੱਖਣ ਮੀਤ

ਭੇਤੀ ਨੇ ਜੰਗੀਰੇ ਚੋਰ ਨੂੰ ਦੱਸਿਆ, ਅੱਜ ਰੁਪਾਲੇ ਚੋਰੀ ਹੋ ਸਕਦੀ ਐ

ਕਿਮੇਂ?ਜੰਗੀਰੇ ਚੋਰ ਦੀਆਂ ਖੁਸ਼ੀ ਵਿਚ ਅੱਖਾਂ ਟੱਡੀਆਂ ਗਈਆਂ।

ਘਰ ਆਲਾ ਘਰ ਨ੍ਹੀਂ।ਭੇਤੀ ਦੀਆਂ ਅੱਖਾਂ ਵੀ ਟੱਡੀਆਂ ਹੋਈਆਂ ਸਨ।

ਠੀਕ ਐ।ਜੰਗੀਰੇ ਚੋਰ ਨੇ ਕੁਤਰੀਆਂ ਮੁੱਛਾਂ ਨੂੰ ਵੱਟ ਦਿੱਤਾ।

ਕੁੱਕੜ ਬੋਲਣ ਤੋਂ ਪਹਿਲਾਂ ਹੀ ਜੰਗੀਰਾ ਚੋਰ ਭੇਤੀ ਵੱਲੋਂ ਦੱਸੇ ਘਰ ਪੁੱਜ ਗਿਆ। ਅਗਲੇ ਹੀ ਪਲ ਉਹ ਟਰੰਕਾ ਅਤੇ ਪੇਟੀ ਕੋਲ ਖਲੋਤਾ ਸੀ।

ਤੇਜੋ ਨੂੰ ਚੋਰ ਦਾ ਸ਼ੱਕ ਹੋਇਆ। ਉਹ ਮਲਕੜੇ ਜਿਹੇ ਮੰਜੀ ਤੋਂ ਉੱਠੀ। ਬਿੱਲੀ ਵਾਂਗ ਦਬਵੇਂ ਪੈਰੀਂ ਉਹ ਸਵਿੱਚ ਕੋਲ ਪੁੱਜੀ। ਬਲਬ ਜਗਿਆ ਤਾਂ ਸੱਚ ਮੁੱਚ ਹੀ ਸਾਹਮਣੇ ਇਕ ਬੰਦਾ ਖੜਾ ਸੀ। ‘ਚੋਰ’ ਸ਼ਬਦ ਜਿਵੇਂ ਉਹਦੇ ਸੰਘ ਵਿਚ ਹੀ ਅੜ ਗਿਆ। ਤੇਜੋ ਅਤੇ ਜੰਗੀਰੇ ਨੇ ਇਕ ਦੂਜੇ ਨੂੰ ਪਹਿਚਾਣ ਲਿਆ ਸੀ। ਜੰਗੀਰੇ ਚੋਰ ਦੀਆਂ ਅੱਖਾਂ ਇਕ ਦਮ ਝੁਕ ਗਈਆਂ। ਤੇਜੋ ਨੇ ਪੁੱਛਆ, ਵੇ ਜੰਗੀਰਿਆ, ਤੈਨੂੰ ਭੈਣ ਦਾ ਘਰ ਈ ਥਿਆਇਆ ਸੀ ਚੋਰੀ ਕਰਨ ਨੂੰ?

ਮੈਂ ਸੋਚਿਆ ਤਾਂ ਸੀ, ਬਈ ਸਾਡੇ ਪਿੰਡੋਂ ਇਕ ਕੁੜੀ ਰੁਪਾਲੇ ਬਿਆਹੀ ਬੀ ਤਾਂ ਹੈ, ਪਰ ਮੈਨੂੰ ਕੀ ਪਤਾ ਸੀ ਬਈ ਤੂੰ ਇਸੇ ਘਰ ਐਂ। ਕਹਿਕੇ ਜੰਗੀਰਾ ਦੇਹਲੀ ਟੱਪਣ ਲੱਗਾ।

ਹੁਣ ਕਿੱਧਰ ਜੰਗੀਰਿਆ?ਤੇਜੋ ਨੇ ਉਸ ਦੀ ਬਾਂਹ ਫੜਦਿਆਂ ਕਿਹਾ।

ਪਿੰਡ।ਜੰਗੀਰੇ ਨੇ ਤੇਜੋ ਵੱਲ ਦੇਖੇ ਬਿਨਾ ਹੀ ਕਿਹਾ।

ਬਹਿ ਜਾ। ਚਾਹ ਪੀ ਕੇ ਜਾਈਂ ਹੁਣ। ਮੈਂ ਚਾਹ ਧਰਦੀ ਆਂ।

ਜੰਗੀਰਾ ਤੇਜੋ ਦੀ ਗੱਲ ਉੱਤੇ ਹੈਰਾਨ ਹੁੰਦਾ ਇਕ ਬੱਚੇ ਦੇ ਮੰਜੇ ਉੱਤੇ ਬੈਠ ਗਿਆ। ਚਾਹ ਆਉਣ ਤੀਕ ਜਿਵੇਂ ਉਹ ਪਛਤਾਉਂਦਾ ਹੀ ਰਿਹਾ। ਚਾਹ ਪੀ ਕੇ ਤੁਰਨ ਲੱਗਿਆਂ ਜੰਗੀਰੇ ਨੇ ਫਤੂਹੀ ਦੀ ਜੇਬ ਵਿੱਚੋਂ ਦਸਾਂ ਦਾ ਨੋਟ ਕੱਢਿਆ। ਫਿਰ ਉਸਨੇ ਉਹ ਨੋਟ ਤੇਜੋ ਦੇ ਠਰੇ ਜਿਹੇ ਹੱਥ ਵਿਚ ਘਸੋੜ ਜਿਹਾ ਦਿੱਤਾ।

ਵੇ ਕੋਹੜੀਆ, ਆ ਕੀ? ਤੇਜੋ ਨੇ ਮੁਸੇ ਜਿਹੇ ਨੋਟ ਵੱਲ ਵੇਖਦਿਆਂ ਪੁੱਛਿਆ।

ਇਹ ਭਰਾ ਦਾ ਫਰਜ਼ ਬਣਦੈ, ਭੈਣੇ।ਕਹਿ ਕੇ ਜੰਗੀਰਾ ਇਕ ਦਮ ਦੇਹਲੀਆਂ ਟੱਪ ਗਿਆ।

ਪਿੰਡ ਵਿਚ ਅਜੇ ਵੀ ਚੁੱਪ ਚਾਂ ਸੀ। ਕਿੱਧਰੇ ਵੀ ਕਿਸੇ ਕੁੱਤੇ ਦੇ ਭੌਂਕਣ ਦੀ ਆਵਾਜ਼ ਨਹੀਂ ਸੀ ਆ ਰਹੀ।

-0-

Wednesday, May 20, 2009

ਨਿਜੜੇ

ਦਰਸ਼ਨ ਜੋਗਾ
ਬਿਸ਼ਨੇ ਦੇ ਦੋਵੇਂ ਪੁੱਤ ਡੇਰੇ ਦੇ ਵਿਹੜੇ ਵਿਚ ਪਿੱਪਲ ਹੇਠਾਂ ਮੰਜੇ ਉੱਤੇ ਪਏ ਬਿਸ਼ਨੇ ਕੋਲ ਆ ਕੇ ਚੁੱਪ ਖੜੋ ਗਏ। ਨੂੰਹਾਂ ਨੇ ਮੰਜੇ ਦੀਆਂ ਪੈਂਦਾਂ ਵੱਲ ਹੋ ਕੇ ਬਿਸ਼ਨੇ ਦੇ ਪੈਰ ਛੁੰਹਦਿਆਂ ਹੌਲੀ ਜਿਹੀ ਕਿਹਾ, “ਮੱਥਾ ਟੇਕਦੀ ਆਂ ਬਾਬਾ ਜੀ।”
ਬਿਸ਼ਨਾ ਚੁੱਪ ਪਿਆ ਰਿਹਾ।
“ਕਿਮੇ ਠੀਕ ਓਂ ਬਾਬਾ ਜੀ?” ਛੋਟੀ ਨੂੰਹ ਬੋਲੀ।
“ਠੀਕ-ਠੂਕ ਤਾਂ ਇਹੋ ਜਾ ਈ ਐ ਭਾਈ, ਚਾਰ-ਪੰਜ ਦਿਨ ਹੋਗੇ, ਤਾਪ ਚੜ੍ਹਦਾ ਰਿਹੈ। ਰੋਟੀ ਵੀ ਘੱਟ ਈ ਖਾਂਦੈ। ਸੰਤਾਂ ਨੇ ਪੁੜੀਆਂ ਦਿੱਤੀਐਂ, ਅੱਜ ਕੁਝ ਫਰਕ ਐ,” ਕੋਲ ਬੈਠਾ ਚੇਲਾ ਬੋਲਿਆ, “ਬਿਸ਼ਨ ਸਿਆਂ , ਤੈਨੂੰ ਲੈਣ ਆਏ ਐ।”
“ਮੈਨੂੰ ਪਤੈ ਮੇਰੇ ਜੰਮਿਆਂ ਦਾ, ਬੱਸ। ਹੁਣ ਐਥੇ ਈ ਭਲਾ ਐਂ ਜਿਹੜਾ ਟੈਮ ਲੰਘੀ ਜਾਂਦੈ, ਬਥੇਰੀ ਹੋ ਲੀ।” ਬਿਸ਼ਨਾ ਪਿਆ-ਪਿਆ ਬੋਲਿਆ।
“ਤੂੰ ਕਹੀ ਤਾਂ ਜਾਨੈਂ, ਪਰ ਬੈਠਾ ਆਵਦੀ ਅੜੀ ’ਚ ਐਵੇਂ ਐਥੇ।” ਛੋਟਾ ਮੁੰਡਾ ਬੋਲਿਆ।
“ਅੱਛਾ! ਅੱਜ ਤੁਸੀਂ ਆਹ ਕਹਿਨੇਂ ਓਂ । ਪਿਛਲੇ ਵਰ੍ਹੇ ਜਦੋਂ ਮੇਰੇ ਪਿੱਛੇ ਕਾਟੋ-ਕਲੇਸ਼ ਹੁੰਦਾ ਸੀ,ਆਹ ਵੱਡਾ ਆ ਕੇ ਕਹਿ ਗਿਆ ਸੀ, ਅਸੀਂ ਤਾਂ ਨੌਕਰੀਆਂ ਵਾਲੇ ਆਂ, ਦਿਨ ਚੜ੍ਹਦੇ ਨੂੰ ਨਿਕਲ ਜਾਨੇਂ ਆਂ, ਟਿੱਕੀ ਛਿਪੀ ਤੋਂ ਘਰ ਵੜਦੇ ਆਂ। ਨਾਲੇ ਤੂੰ ਵੀ ਤਾਂ ਕਿਹਾ ਸੀ, ਮੈਂ ਕੱਲਾ ਜਣਾ ਕਿੱਧਰ-ਕਿੱਧਰ ਹੋਵਾਂ? ਫੇਰ ਮੇਰਾ ਤਾਂ ਕੋਈ ਨਾ ਬਣਿਆ, ਓਹ ਉਤਲੈ ਮੇਰਾ ਤਾਂ , ਜਾਂ ਫੇਰ ਆਹ ਭਗਤ ਨੇ ਵਿਚਾਰੇ, ਜਿਨ੍ਹਾਂ ਕੋਲ ਤੜਕੇ-ਆਥਣੇ ਰੋਟੀ ਦੀ ਬੁਰਕੀ ਖਾਈਦੀ ਐ।…ਬਾਕੀ ਥੋਨੂੰ ਦੋਹਾਂ ਨੂੰ ਹਿੱਸਾ ਦਿੱਤਾ ਹੋਇਐ, ਆਵਦੇ ਹਿੱਸੇ ਆਲੀ ਜ਼ਮੀਨ ਮੈਂ ਡੇਰੇ ਦੇ ਨਾਂ ਕਰਾਉਣੀ ਐ, ਥੋਨੂੰ ਤਾਂ ਕੋਈ ’ਤਰਾਜ ਨ੍ਹੀਂ?” ਬਿਸ਼ਨੇ ਨੇ ਮੁੰਡਿਆਂ ਨੂੰ ਕਿਹਾ।
“ਬੱਸ ਆਹੀ ਕਸਰ ਰਹਿੰਦੀ ਐ,” ਛੋਟਾ ਮੁੰਡਾ ਤਿੜਕ ਕੇ ਬੋਲਿਆ।
“ਕਿਉਂ? ਅਸੀਂ ਤੇਰੇ ਧੀਆਂ-ਪੁੱਤ ਨ੍ਹੀਂ, ਬਾਬਾ ਜੀ, ਸੁੱਖੀ-ਸਾਂਦੀ ਤੇਰੇ ਸਭ ਕੁਛ ਐ। ਜਿਉਂਦੇ ਰਹਿਣ ਤੇਰੇ ਪੋਤੇ-ਪੋਤੀਆਂ, ਤੇਰੇ ਵਾਰਸ ਨੇ। ਡੇਰੇ-ਗੁਰਦੁਆਰਿਆਂ ਨੂੰ ਤਾਂ ਔਤਾਂ ਦੀ ਜੈਦਾਤ ਜਾਂਦੀ ਐ। ਜੇ ਤੂੰ ਸਾਨੂੰ ਜਿਉਂਦਿਆਂ ਨੂੰ ਈ ਮਾਰਨੈ ਤਾਂ ਤੇਰੀ ਮਰਜ਼ੀ।” ਵੱਡੀ ਨੂੰਹ ਗੱਲ ਸੁਣਦਿਆਂ ਪੂਰੇ ਗੁੱਸੇ ਨਾਲ ਬੋਲੀ।
“ਭਾਈ ਸੁਰਜੀਤ ਕੁਰੇ, ਮੈਂ ਜੰਮੇ-ਪਾਲੇ ਤਾਂ ਜਿਉਂਦਿਆਂ ’ਚ ਰਹਿਣ ਨੂੰ ਹੀ ਸੀ, ਨਾਲੇ ਆਹ ਔਤ ਵਾਲਾ ਟੱਪਾ ਤੂੰ ਤਾਂ ਅੱਜ ਕ੍ਹੈਨੀਂ ਐਂ, ਮੈਨੂੰ ਤਾਂ ਡੂਢ ਸਾਲ ਹੋ ਗਿਆ ਸੁਣਦੇ ਨੂੰ , ਜਦੋਂ ਦਾ ਡੇਰੇ ਵਾਲਿਆਂ ਕੋਲ ਮੰਜੇ ’ਚ ਪਿਆ ਦਿਨ ਕਟੀ ਕਰਦਾਂ।” ਕਹਿੰਦਿਆਂ ਬਿਸ਼ਨ ਸਿੰਘ ਦੀਆਂ ਅੱਖਾਂ ਦੇ ਡੇਲਿਆਂ ਵਿੱਚੋਂ ਪਾਣੀ ਸਿੰਮ ਆਇਆ ਤੇ ਲੰਮਾ ਹਉਕਾ ਭਰਦਿਆਂ ਉਹ ਚੁੱਪ ਹੋ ਗਿਆ।
-0-

Tuesday, May 19, 2009

ਰਿਸ਼ਤੇ

ਜਸਬੀਰ ਢੰਡ

ਤਿੰਨ ਭੈਣਾ ਹਨ ਉਹ।

ਪਿਛਲੇ ਦਿਨੀਂ ਵੱਡੀ ਦਾ ਘਰਵਾਲਾ ਅਚਾਨਕ ਸੁਰਗਵਾਸ ਹੋ ਗਿਆ।

ਸਵੇਰੇ ਹਸਪਤਾਲ ਦਾਖਲ ਕਰਵਾਇਆ ਤੇ ਸ਼ਾਮੀਂ ਮੁੱਕ ਵੀ ਗਿਆ। ਉਸੇ ਵੇਲੇ ਸਕੀਰੀਆਂ ਵਿਚ ਟੈਲੀਫੋਨ ਕਰ ਦਿੱਤੇ ਮੁੰਡੇ ਨੇ। ਰਿਸ਼ਤੇਦਾਰ ਮੂੰਹ-ਹਨੇਰੇ ਹੀ ਘਰਾਂ ਤੋਂ ਚੱਲ ਪਏ।

ਦੋਵੇਂ ਭੈਣਾ ਤੇ ਉਹਨਾਂ ਦੇ ਘਰਵਾਲੇ ਦਸ ਵੱਜਣ ਤੋਂ ਪਹਿਲਾਂ ਹੀ ਪਹੁੰਚ ਗਏ ਸਨ।

ਘਰ ਬਹੁਤ ਹੀ ਭੀੜਾ ਸੀ। ਜਿੱਥੇ ਲਾਸ਼ ਪਈ ਸੀ ਉੱਥੇ ਹੀ ਦਸ-ਬਾਰਾਂ ਜਨਾਨੀਆਂ ਬੈਠੀਆਂ ਹੋਈਆਂ ਸਨ। ਤਿੰਨ ਕੁ ਫੁੱਟ ਚੌੜੀ ਗੈਲਰੀ ਵਿਚ ਪੰਜ-ਸੱਤ ਬੰਦੇ ਬੈਠਣ ਜੋਗੀ ਥਾਂ ਸੀ ਮਸਾਂ। ਰਿਸ਼ਤੇਦਾਰ, ਗਲੀ-ਗੁਆਂਢ ਤੇ ਦੋਸਤ-ਮਿੱਤਰ ਆਈ ਜਾਂਦੇ ਤੇ ਬਾਹਰ ਨਿੱਕਲੀ ਜਾਂਦੇ। ਅੰਦਰ ਰੋਣ-ਕੁਰਲਾਣ ਮੱਚਿਆ ਹੋਇਆ ਸੀ।

ਗਲੀ ਵੀ ਭੀੜੀ ਸੀ । ਕੋਈ ਕਿਤੇ ਖੜਾ ਸੀ, ਕੋਈ ਕਿਤੇ ਬੈਠਾ ਸੀ। ਕਈ ਤਾਂ ਦੁਕਾਨਾਂ ਦੇ ਥੜ੍ਹਿਆਂ ਉੱਤੇ ਹੀ ਬੈਠੇ ਸਨ। ਉੱਤੋਂ ਲੋਹੜੇ ਦੀ ਗਰਮੀ ਤੇ ਹੁੰਮਸ।

ਦੋਵੇਂ ਸਾਢੂ ਅੰਦਰ ਗਏ, ਦਸ-ਵੀਹ ਮਿੰਟ ਲਾਸ਼ ਕੋਲ ਬੈਠੇ, ਸਾਲੀ ਕੋਲ ਅਫਸੋਸ ਕੀਤਾ ਤੇ ਫਿਰ ਬਾਹਰ ਆ ਗਏ। ਭੈਣਾਂ ਭੈਣ ਕੋਲ ਬੈਠੀਆਂ ਰਹੀਆਂ।

ਅਜੇ ਦਸ ਵੱਜੇ ਸਨ। ਦਿੱਲੀਓਂ ਭਾਈ ਨੇ ਗੱਡੀ ਤੇ ਆਉਣਾ ਸੀ ਤੇ ਉਹਦੇ ਆਉਣ ਤੇ ਹੀ ਦੋ ਵਜੇ ਸਸਕਾਰ ਹੋਣਾ ਸੀ। ਬਾਹਰ ਚੌੜੀ ਸੜਕ ਤੇ ਆ ਕੇ ਉਹਨਾਂ ਖੁੱਲ੍ਹਾ ਸਾਹ ਲਿਆ।

ਚੱਲ ਯਾਰ! ਸ਼ੇਵ ਈ ਕਰਾ ਲਈਏ।ਨਾਈ ਦੀ ਦੁਕਾਨ ਵੇਖਕੇ ਛੋਟੇ ਸਾਢੂ ਨੇ ਕਿਹਾ।

ਇਕ ਸ਼ੇਵ ਕਰਾਉਂਦਾ ਰਿਹਾ, ਦੂਜਾ ਅਖਬਾਰਾਂ ਵੇਖਦਾ ਰਿਹਾ। ਸਵੇਰੇ ਘੋਰ ਹਨੇਰੇ ਤੁਰਨ ਕਾਰਨ ਅਖਬਾਰ ਵੀ ਨਹੀਂ ਵੇਖੇ ਸਨ। ਅੱਧੇ ਘੰਟੇ ਬਾਦ ਉਹ ਫੇਰ ਵਿਹਲੇ ਸਨ।

ਚੱਲ ਯਾਰ! ਕੁਝ ਪੇਟ-ਪੂਜਾ ਕਰਕੇ ਆਈਏ। ਤੜਕੇ ਦਾ ਚਾਹ ਦਾ ਕੱਪ ਈ ਪੀਤੈ।…

ਬਜ਼ਾਰਾਂ ਦੀ ਰੌਣਕ ਵੇਖਦੇ ਹੋਏ ਉਹ ਮੇਨ ਬਜ਼ਾਰ ਵਿਚ ਆ ਨਿਕਲੇ। ਧੁੱਪ ਸੂਈਆਂ ਵਾਂਗ ਚੁਭ ਰਹੀ ਸੀ।

ਬੜੇ ਕਲੋਟੇ ਫਸੇ ਯਾਰ! ਕਿਹੜੇ ਵੇਲੇ ਦੋ ਵੱਜਣਗੇ?ਛੋਟਾ ਬੋਲਿਆ।

ਦੋ ਵਜੇ ਦਾ ਵੀ ਕੀ ਪਤੈ? ਗੱਡੀ ਲੇਟ ਵੀ ਹੋ ਸਕਦੀ ਐ। ਵੱਡੇ ਨੇ ਖਦਸ਼ਾ ਜਾਹਰ ਕੀਤਾ।

ਵੱਗ ਵਿੱਚੋਂ ਆਉਟਲੀ ਵੱਛੀ ਵਾਂਗ ਉਹ ਬੇਗਾਨੇ ਸ਼ਹਿਰ ਵਿਚ ਮਾਰੇ-ਮਾਰੇ ਫਿਰ ਰਹੇ ਸਨ। ਅਚਾਨਕ ਛੋਟਾ ਸਾਢੂ ਵੱਡੇ ਦੇ ਕੰਨ ਕੋਲ ਮੂੰਹ ਕਰਕੇ ਹੌਲੀ ਜਿਹੀ ਬੋਲਿਆ, ਬੀਅਰ ਨਾ ਪੀਏ ਇਕ-ਇਕ।

ਕਮਾਲ ਕਰਦੈਂ ਸਹਿਗਲ ਤੂੰ ਵੀ! ਜੰਨ ਤਾਂ ਨੀ ਆਏ!ਵੱਡਾ ਗੁੱਸੇ ਵਿਚ ਬੋਲਿਆ।

ਵੇਖੋ ਸੱਭਰਵਾਲ ਸਾਹਬ! ਜਿਹੜਾ ਕੁਸ਼ ਹੋਣਾ ਸੀ, ਉਹ ਤਾਂ ਹੋ ਗਿਆ। ਹੁਣ ਬੰਦਾ ਤਾਂ ਮੁੜਦਾ ਨੀ…ਆਪਣੇ ਕੁਝ ਖਾਣ ਜਾਂ ਪੀਣ ਨਾਲ ਤਾਂ ਕੋਈ ਫਰਕ ਨੀ ਪੈਣਾ।

ਨਹੀਂ ਯਾਰ, ਕੋਈ ਵੇਖੂਗਾ ਤਾਂ ਕੀ ਕਹੂਗਾ।ਵੱਡਾ ਬੋਲਿਆ।

ਵੇਖਣ ਨੂੰ ਆਪਣੇ ਕੋਈ ਮਗਰ ਤੁਰਿਆ ਫਰਦੈ? ਐਥੇ ਐਡੇ ਸ਼ਹਿਰ ’ਚ ਆਪਾਂ ਨੂੰ ਕੌਣ ਜਾਣਦੈ?

ਨਹੀਂ ਯਾਰ, ਮੈਨੂੰ ਠੀਕ ਨਹੀਂ ਲਗਦਾ।ਵੱਡੇ ਨੇ ਕਿਹਾ ਤਾਂ ਛੋਟਾ ਚੁੱਪ ਕਰ ਗਿਆ।

ਕੁਝ ਦੇਰ ਉਹ ਚੁੱਪ ਚਾਪ ਤੁਰੇ ਗਏ। ਵਾਪਸ ਘਰੇ ਮੁੜਨ ਦੇ ਖਿਆਲ ਨਾਲ ਦੋਵੇਂ ਅੱਕਲਕਾਣ ਜਿਹੇ ਹੋ ਗਏ। ਵੱਡੇ ਨੇ ਘੜੀ ਵੇਖੀ। ਅਜੇ ਗਿਆਰਾਂ ਵੱਜੇ ਸਨ।

ਅਚਾਨਕ ਸਾਹਮਣੇ ਬੀਅਰ-ਬਾਰ ਦੇ ਵੱਡੇ ਸਾਰੇ ਸਾਈਨ-ਬੋਰਡ ਉੱਤੇ ਗੌਡਫਾਦਰ ਨਾਲ ਝੱਗੋ ਝੱਗ ਭਰੇ ਮੱਗ ਨੂੰ ਹੱਥ ਵਿਚ ਫੜੀ ਵੱਡੀਆਂ ਮੁੱਛਾਂ ਵਾਲੇ ਆਦਮੀ ਦੀ ਤਸਵੀਰ ਵੇਖ ਵੱਡਾ ਬੋਲਿਆ, ਚੱਲ ਯਾਰ! ਵੇਖੀ ਜਾਊ!

ਤੇ ਦੋਵੇਂ ਸਾਢੂ ਚੋਰ-ਅੱਖਾਂ ਨਾਲ ਇੱਧਰ-ਉੱਧਰ ਵੇਖਦਿਆਂ ਤੇਜੀ ਨਾਲ ਬਾਰ ਵਿਚ ਵੜ ਗਏ।

-0-

Monday, May 18, 2009

ਬਦਲਦੇ ਰਿਸ਼ਤੇ

ਗੁਰਚਰਨ ਚੌਹਾਨ
ਹਾਕਮ ਸਿੰਘ ਦੇ ਵੱਡੇ ਮੁੰਡੇ ਨਛੱਤਰ ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਚੜ੍ਹਦੀ ਉਮਰੇ ਹੋਈ ਇਸ ਮੌਤ ਕਰਕੇ ਘਰ ਵਿਚ ਮਾਤਮ ਛਾ ਗਿਆ ਸੀ। ਉਸਦੀ ਜਵਾਨ ਪਤਨੀ ਬੁੜ੍ਹੀਆਂ ਦੇ ਹੱਥੋਂ ਛੁੱਟ ਲਾਸ਼ ਉੱਪਰ ਡਿੱਗਦੀ ਦੋ-ਹੱਥੜੀ ਪਿੱਟ ਰਹੀ ਸੀ। ਲਾਸ਼ ਦਾ ਸੰਸਕਾਰ ਹੋ ਗਿਆ। ਤੀਜੇ ਦਿਨ ਫੁੱਲ ਚੁਗੇ ਗਏ। ਫੁੱਲ ਚੁਗਾਉਣ ਆਏ ਨਛੱਤਰ ਦੇ ਸਹੁਰਿਆਂ ਵਿੱਚੋਂ ਇਕ ਬਜ਼ੁਰਗ ਨੇ ਹਾਕਮ ਸਿੰਘ ਕੋਲ ਗੱਲ ਤੋਰੀ, “ਹਾਕਮ ਸਿਹਾਂ, ਸਾਡੀ ਧੀ ਲਈ ਤਾਂ ਹੁਣ ਜਗ ’ਚ ਨ੍ਹੇਰ ਹੀ ਨ੍ਹੇਰ ਐ…ਪਹਾੜ ਜਿੱਡੀ ਜ਼ਿੰਦਗੀ ਲਈ ਕੋਈ ਆਸਰਾ ਚਾਹੀਦੈ। ਛੋਟੇ ਕਾਕੇ ਲਈ ਅਸੀਂ ਦੁਸਹਿਰੇ ਆਲੇ ਦਿਨ ਪੱਗ ਲਈ ਆਈਏ?…ਤੁਸੀਂ ਵਿਚਾਰ ਕਰਲੋ। ਰੱਬ ਦਾ ਭਾਣਾ ਮੰਨ ਕੇ ਦੋਵੇਂ ਧੀਆਂ ਇੱਕੋ ਚੁੱਲ੍ਹੇ ਰੋਟੀ ਖਾਈ ਜਾਣਗੀਆਂ…।”
“ਕੋਈ ਨਹੀਂ ਸਾਡੇ ਵੱਲੋਂ ਕੋਈ ਉਲਾਂਭਾ ਨਹੀਂ ਆਉਂਦਾ…” ਹਾਕਮ ਸਿੰਘ ਨੇ ਨਛੱਤਰ ਦੇ ਸਹੁਰਿਆਂ ਨੂੰ ਧਰਵਾਸਾ ਦਿੱਤਾ।
ਨਛੱਤਰ ਤੋਂ ਛੋਟੇ ਸਵਰਨ ਦੇ ਘਰ ਵਾਲੀ ਕਰਮਜੀਤ ਕੋਲ ਜਦੋਂ ਇਹ ਗੱਲ ਪੁੱਜੀ ਤਾਂ ਉਸ ਨੇ ਤਾਂ ਘਰ ਵਿਚ ਵਾਵੇਲਾ ਖੜਾ ਕਰ ਦਿੱਤਾ। ਸੱਸ ਸਹੁਰੇ ਨੇ ਸਵਰਨ ਨੂੰ ਵੀ ਰਾਜ਼ੀ ਕਰ ਲਿਆ। ਪਰੰਤੂ ਕਰਮਜੀਤ ਨੇ ਤਾਂ ਇਕ ਹੀ ਹਿੰਡ ਫੜ ਲਈ ਸੀ, “ਤੀਹੋਕਾਲ ਮੈਂ ਇਹ ਨਹੀਂ ਹੋਣ ਦੇਣਾ। ਮੈਂ ਆਪਣੇ ਸਾਂਈ ਨੂੰ ਕਿਵੇਂ ਵੰਡਦਿਆਂ…!”
ਕਰਮਜੀਤ ਦੇ ਇਸ ਫੈਸਲੇ ਦੀ ਉਸ ਦੇ ਪੇਕਿਆਂ ਨੇ ਵੀ ਹਿਮਾਇਤ ਕੀਤੀ। ਦੁਸਹਿਰੇ ਦਾ ਦਿਨ ਆ ਗਿਆ। ਕਰਮਜੀਤ ਨੂੰ ਮਨਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਹੋ ਗਈਆਂ ਸਨ। ਵਿਹੜੇ ਵਿਚ ਸੋਗ ਕਰਨ ਵਾਲਿਆਂ ਦੇ ਇੱਕਠ ਤੋਂ ਪਰ੍ਹਾਂ ਨਿਵੇਕਲੇ ਜਿਹੇ, ਹਾਕਮ ਸਿੰਘ, ਹਾਕਮ ਦੇ ਘਰੋਂ, ਸਵਰਨ, ਕਰਮਜੀਤ ਅਤੇ ਸਵਰਗੀ ਨਛੱਤਰ ਤੇ ਸਵਰਨ ਦੇ ਸਹੁਰੇ ਅਜੇ ਵੀ ਇਸ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਪਰ ਕਰਮਜੀਤ ਆਪਣੇ ਫੈਸਲੇ ਉੱਤੇ ਅੜੀ ਹੋਈ ਸੀ।
“ਗੱਲ ਸੁਣ ਲਉ ਸਾਰੇ…ਮੈਂ ਕਰੂੰ ਜ਼ਮੀਨ ਦੇ ਤਿੰਨ ਹਿੱਸੇ…ਤੀਜੇ ਹਿੱਸੇ ਦੀ ਦੇਊਂ ਸਵਰਨ ਨੂੰ…ਨਛੱਤਰ ਦੀ ਤੇ ਮੇਰੀ ਵੰਡ ਹੋਊਗੀ ਅੱਡ…ਮੈਂ ਤਾਂ ਚਾਹੁੰਦਾ ਸੀ ਕਿ ਵੰਡੀਆਂ ਨਾ ਪੈਣ ਅਤੇ ਸਾਰੀ ਦਾ ਮਾਲਕ ਬਣੇ ਸਵਰਨ…ਪਰ ਜੇ ਥੋਡੀ ਅੜੀ ਐ ਤਾਂ ਮੇਰੀ ਵੀ ਹੁਣ ਵੇਖਿਓ ਅੜੀ…।” ਖੂੰਡੇ ਦੇ ਸਹਾਰੇ ਉਠਦੇ ਹਾਕਮ ਸਿੰਘ ਨੇ ਆਪਣਾ ਫੈਸਲਾ ਸੁਣਾਇਆ।
ਸਵਰਨ ਦੇ ਸਹੁਰਿਆਂ ਦੇ ਮੂੰਹ ਅੱਡੇ ਰਹਿ ਗਏ। ਉਹ ਕਰਮਜੀਤ ਨੂੰ ਸਮਝਾਉਣ ਲੱਗੇ। ਜ਼ਮੀਨ ਦੀਆਂ ਵੰਡੀਆਂ ਵਾਲੀ ਗੱਲ ਨੇ ਸਭ ਨੂੰ ਢਿੱਲੇ ਕਰ ਦਿੱਤਾ।
ਭੋਗ ਉਪਰੰਤ ਨਛੱਤਰ ਦੇ ਸਹੁਰੇ ਸਵਰਨ ਦੇ ਪੱਗ ਬਨ੍ਹਾ ਕੇ ਚਲੇ ਗਏ।
-0-

Saturday, May 16, 2009

ਕਲਾ-ਕਿਰਤ

ਸਤਿਪਾਲ ਖੁੱਲਰ
ਰੇਲਵੇ ਸਟੇਸ਼ਨ ਦੇ ਵਿਸ਼ਰਾਮ-ਘਰ ਦੀ ਬਾਹਰਲੀ ਥੜ੍ਹੀ ਉੱਤੇ ਉਸਨੂੰ ਨਾ ਵੇਖ ਕੇ ਉਹ ਘਬਰਾ ਜਿਹਾ ਗਿਆ। ਅਜੇ ਕੱਲ੍ਹ ਤਾਂ ਉਹ ਇੱਥੇ ਹੀ ਬੈਠਾ ਸੀ।
ਪਿਛਲੇ ਕਈ ਮਹੀਨਿਆਂ ਤੋਂ ਉਹ ਇਸ ਦਰਵੇਸ਼ ਮੰਗਤੇ ਨੂੰ ਵੇਖ ਰਿਹਾ ਸੀ। ਉਹ ਪਹਿਲੀ ਗੱਡੀ ਰਾਹੀਂ ਡਿਊਟੀ ਤੇ ਜਾਂਦਾ ਹੈ। ਉਹ ਕਲਾਕਾਰ ਹੈ ਤੇ ਆਪਣੇ ਰੰਗ-ਬੁਰਸ਼ ਨਾਲ ਹੀ ਰੱਖਦਾ ਹੈ।
ਉਹ ਮੰਗਤਾ ਕਿਸੇ ਤੋਂ ਕੁਝ ਮੰਗਦਾ ਨਹੀਂ, ਬੱਸ ਜੋ ਮਿਲ ਜਾਂਦਾ ਉਹੀ ਖਾ ਲੈਂਦਾ। ਆਲਸੀ ਜਿਹਾ, ਨਾ ਨਹਾਉਣ ਦਾ ਚਾਅ, ਨਾ ਦਾਤਣ-ਕੁਰਲਾ ਕਰਨ ਦੀ ਰੀਝ। ਸਦਾ ਲਿਬੜਿਆ ਜਿਹਾ ਰਹਿੰਦਾ। ਆਉਣ-ਜਾਣ ਵਾਲਿਆਂ ਵੱਲ ਹਸਰਤ ਨਾਲ ਵੇਖਦਾ। ਨੈਣ-ਨਕਸ਼ ਸੁਹਣੇ, ਅੱਖਾਂ ਵਿੱਚ ਅਜੀਬ ਜਿਹੀ ਚਮਕ। ਪਤਾ ਨਹੀਂ ਕਿਉਂ, ਉਹ ਜ਼ਿੰਦਗੀ ਤੋਂ ਹਾਰ ਮੰਨ ਬੈਠਾ।
ਕਲਾਕਾਰ ਉਸਨੂੰ ਰੋਜ਼ ਵੇਖਦਾ। ਉਹਦੇ ਮਨ ਵਿਚ ਉਸਦਾ ਚਿੱਤਰ ਬਣਾਉਣ ਦੀ ਖਾਹਿਸ਼ ਸੀ। ਕੱਲ੍ਹ ਉਹਨੂੰ ਸਮਾਂ ਮਿਲ ਗਿਆ। ਗੱਡੀ ਅੱਧਾ ਘੰਟਾ ਲੇਟ ਸੀ। ਉਹ ਉਸਦੇ ਨੇੜੇ ਇਕ ਬੈਂਚ ਉੱਤੇ ਜਾ ਬੈਠਾ ਤੇ ਉਸ ਵੱਲ ਵੇਖ ਕੇ ਕਾਗਜ ਉੱਪਰ ਬੁਰਸ਼ ਚਲਾਉਣ ਲੱਗਾ।
ਕਲਾਕਾਰ ਨੂੰ ਵਾਰ-ਵਾਰ ਤੱਕਦਾ ਵੇਖ, ਮੰਗਤਾ ਝੁੰਜਲਾ ਗਿਆ, “ਕੀ ਕਰਦੇ ਓਂ? ਮੈਨੂੰ ਇੰਜ ਕਿਉਂ ਘੂਰਦੇ ਓਂ?”
“ਕੁਝ ਨਹੀਂ, ਕੁਝ ਨਹੀਂ…ਬੱਸ…।”
ਪੰਦਰਾਂ ਮਿੰਟਾਂ ਵਿਚ ਹੀ ਚਿੱਤਰ ਤਿਆਰ ਕਰ ਕਲਾਕਾਰ ਨੇ ਉਸਨੂੰ ਵਿਖਾਇਆ ਤਾਂ ਉਹ ਬੋਲਿਆ, “ਇਹ ਕੌਣ?”
“ਇਹ ਤੂੰ ਹੀ ਹੈਂ…ਇਹ ਤੇਰਾ ਚਿੱਤਰ ਐ…ਤੇਰੀ ਫੋਟੋ…।”
“ਮੈਂ ਐੱਡਾ ਸੁਹਣਾ!” ਉਹ ਚਾਅ ਨਾਲ ਉੱਠ ਬੈਠਾ।
“ਹਾਂ, ਤੂੰ ਤਾਂ ਇਸ ਤੋਂ ਵੀ ਸੁਹਣਾ ਐਂ…ਬਹੁਤ ਸੁਹਣਾ!”
ਤੇ ਅੱਜ ਮੰਗਤੇ ਨੂੰ ਉੱਥੇ ਨਾ ਵੇਖ, ਕਲਾਕਾਰ ਨੇ ਉਸ ਬਾਰੇ ਸਟੇਸ਼ਨ ਮਾਸਟਰ ਤੋਂ ਪੁੱਛਿਆ।
ਉਹ ਕੱਲ੍ਹ ਤੁਹਾਡੇ ਜਾਣ ਬਾਦ ਨਲਕੇ ਹੇਠ ਨਹਾ ਕੇ ਮੇਰੇ ਕੋਲ ਆਇਆ ਸੀ। ਮੈਂ ਉਸਨੂੰ ਪਾਉਣ ਲਈ ਆਪਣਾ ਪੁਰਾਣਾ ਸੂਟ ਦੇ ਦਿੱਤਾ। ਸੂਟ ਪਾ ਕੇ ਉਹ ਬੜਾ ਖੁਸ਼ ਹੋਇਆ।
“ਪਰ ਉਹ ਗਿਆ ਕਿੱਥੇ?”
“ਉਹ ਵੇਖੋ, ਸਟੇਸ਼ਨ ਦਾ ਨਵਾਂ ਫਰਸ਼ ਲੱਗ ਰਿਹੈ। ਉੱਥੇ ਦਿਹਾੜੀ ਕਰਨ ਲੱਗਾ ਹੋਇਐ।”
ਕਲਾਕਾਰ ਨੇ ਉੱਧਰ ਆਪਣੀ ਜਿਉਂਦੀ ਜਾਗਦੀ ਕਲਾ-ਕਿਰਤ ਵੱਲ ਵੇਖਿਆ ਤੇ ਮੁਸਕਰਾ ਪਿਆ।
-0-

Saturday, May 2, 2009

ਅਹਿਸਾਸ

‘ਪ੍ਰੀਤ’ ਨੀਤਪੁਰ

ਆਪਣੇ ਬੱਚੇ ਨੂੰ ਉਂਗਲੀ ਲਾਈ, ਜਿਉਂ ਹੀ ਮੈਂ ਬਾਜ਼ਾਰ ਵਿਚ ਦਾਖਲ ਹੋਇਆ ਤਾਂ ਬੱਚੇ ਨੇ ਫਰਮਾਇਸ਼ਾਂ ਦੀ ਝੜੀ ਲਾ ਦਿੱਤੀ। ਅਖੇ, ‘ਡੈਡੀ ਉਹ ਲੈਣਾ…! ਡੈਡੀ, ਆਹ ਲੈਣਾ…।’ ਤੇ ਮੈਂ ਲਾਰੇ-ਲੱਪੇ ਲਾ ਕੇ ਬੱਚੇ ਨੂੰ ਪਰਚਾਉਣ ਦੀ ਕੋਸ਼ਿਸ਼ ਕਰਦਾ ਰਿਹਾ।
ਮੈਨੂੰ ਪਤਾ ਸੀ ਕਿ ਮੇਰੀ ਜੇਬ ਦੀ ਸਮਰਥਾ ਬੱਚੇ ਲਈ ਇਕ ਰੁਪਏ ਦੀ ‘ਚੀਜ਼ੀ’ ਲੈ ਕੇ ਦੇਣ ਤੋਂ ਵੱਧ ਨਹੀਂ ਸੀ।
ਪਰ ਬੱਚਾ…?
‘ਡੈਡੀ ਉਹ ਲੈਣਾ…।’
‘ਉਹ ਕੀ…? ਫੁੱਟਬਾਲ ?’
‘ਹਾਂ…।’
‘ਨਹੀਂ ਬੇਟੇ, ਛੋਟੇ ਬੱਚੇ ਨ੍ਹੀਂ ਫੁੱਟਬਾਲ ਨਾਲ ਖੇਡਦੇ ਹੁੰਦੇ…।’
‘ਡੈਡੀ, ਮੈਂ ਤਾਂ ਉਹ ਲੈਣੀ ਆ, ਸ਼ਾਈਕਲੀ…।’
‘ਲੈ, ਤੂੰ ਹੁਣ ਕਿਤੇ ਛੋਟੈਂ, ਸਾਈਕਲੀ ਤਾਂ ਛੋਟੇ ਬੱਚੇ ਚਲਾਉਂਦੇ ਹੁੰਦੇ ਆ…’
ਮੈਂ ਬੱਚੇ ਨੂੰ ਇਉਂ ਧੂਹੀ ਲਿਜਾ ਰਿਹਾ ਸੀ, ਜਿਵੇਂ ਕਸਾਈ ਬਕਰੀ ਨੂੰ…। ਪਰ ਬਰਛੇ ਟੰਗਿਆ ਮੇਰਾ ਦਿਲ ਬੁਰੀ ਤਰ੍ਹਾਂ ਤੜਫ ਰਿਹਾ ਸੀ । ਵਾਹ ! ਮਜ਼ਬੂਰੀ !!
‘ਡੈਡੀ, ਉਹ ਲੈਣਾ…?’
‘ਉਹ ਕੀ…?’
‘ਡੈਡੀ ਉਹ…।’ ਬੱਚੇ ਉਂਗਲੀ ਸੇਧੀ, ‘ਉਹ…ਪਿਸਤੌਲ…।’
‘ਨਹੀਂ ਬੇਟੇ, ਪਿਸਤੌਲ ਨਾਲ ਨ੍ਹੀਂ ਖੇਡੀਦਾ, ਪੁਲਿਸ ਵਾਲੇ ਫੜ ਲੈਂਦੇ ਆ…।’
ਤੇ ਹੁਣ ਤਕ ਮੇਰੀ ਬੇਬਸੀ ਝੁੰਜਲਾ ਕੇ ਗੁੱਸੇ ਦਾ ਰੂਪ ਧਾਰਨ ਕਰ ਗਈ ਸੀ।
‘ਡੈਡੀ ਉਹ…।’ ਤੇ ਬਾਕੀ ਦੇ ਸ਼ਬਦ ਬੱਚੇ ਦੇ ਮੂੰਹੋਂ ਨਿਕਲਣ ਤੋਂ ਪਹਿਲਾਂ ਹੀ ਥੱਪੜ ਦੀ ਲਪੇਟ ਵਿਚ ਆ ਕੇ ਦਮ ਤੋੜ ਗਏ ਸਨ ।
ਤੇ ਬੱਚੇ ਦੀਆਂ ਮਾਸੂਮ ਅੱਖਾਂ ’ਚੋਂ ਵਹਿੰਦੇ ਹੰਝੂਆਂ ਵਿਚੋਂ ਮੈਨੂੰ ਆਪਣਾ ‘ਬਚਪਨ’ ਦਿਸਿਆ ਤੇ ਅੱਜ ਪਹਿਲੀ ਵਾਰ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਭਰੇ ਬਾਜ਼ਾਰ ਵਿਚ ਬਾਪੂ ਮੇਰੇ ‘ਥੱਪੜ’ ਕਿਉਂ ਮਾਰਦਾ ਹੁੰਦਾ ਸੀ।
-0-