-moz-user-select:none; -webkit-user-select:none; -khtml-user-select:none; -ms-user-select:none; user-select:none;

Sunday, April 26, 2009

ਸੰਤੂ

ਸ਼ਿਆਮ ਸੁੰਦਰ ਅਗਰਵਾਲ

ਅਧਖੜ ਉਮਰ ਦਾ ਸਿਧਰਾ ਜਿਹਾ ਸੰਤੂ ਬੇਮੇਚ ਬੂਟ ਪਾਈ ਪਾਣੀ ਦੀ ਬਾਲਟੀ ਚੁੱਕ ਜਦੋਂ ਪੌੜੀਆਂ ਚੜ੍ਹਨ ਲੱਗਾ ਤਾਂ ਮੈਂ ਉਹਨੂੰ ਸੁਚੇਤ ਕੀਤਾ, " ਧਿਆਨ ਨਾਲ ਚੜ੍ਹੀਂ । ਪੌੜੀਆਂ 'ਚ ਕਈ ਥਾਵਾਂ ਤੋਂ ਇੱਟਾਂ ਨਿਕਲੀਆਂ ਹੋਈਐਂ । ਡਿੱਗ ਨਾ ਪਈਂ ।"

" ਚਿੰਤਾ ਨਾ ਕਰੋ ਜੀ, ਮੈਂ ਤਾਂ ਪੰਜਾਹ ਕਿਲੋ ਆਟਾ ਚੁੱਕ ਕੇ ਪੌੜੀਆਂ ਚੜ੍ਹਦਾ ਨਹੀਂ ਡਿੱਗਦਾ ।"

ਤੇ ਸਚਮੁਚ ਵੱਡੀਆਂ-ਵੱਡੀਆਂ ਦਸ ਬਾਲਟੀਆਂ ਪਾਣੀ ਦੀਆਂ ਢੌਂਦੇ ਸੰਤੂ ਦਾ ਪੈਰ ਇਕ ਵਾਰ ਵੀ ਨਹੀਂ ਸੀ ਫਿਸਲਿਆ ।

ਦੋ ਰੁਪਏ ਦਾ ਇੱਕ ਨੋਟ ਅਤੇ ਚਾਹ ਦਾ ਕੱਪ ਦਿੰਦਿਆਂ ਪਤਨੀ ਨੇ ਕਿਹਾ, " ਸੰਤੂ, ਤੂੰ ਰੋਜ਼ ਆ ਕੇ ਪਾਣੀ ਭਰ ਜਿਆ ਕਰ ।"

ਚਾਹ ਦੀਆਂ ਚੁਸਕੀਆਂ ਲੈਂਦੇ ਸੰਤੂ ਨੇ ਖੁਸ਼ ਹੁੰਦਿਆਂ ਕਿਹਾ, " ਰੋਜ਼ ਵੀਹ ਰੁਪਏ ਬਣ ਜਾਂਦੇ ਐ ਪਾਣੀ ਦੇ । ਕਹਿੰਦੇ ਐ ਅਜੇ ਮਹੀਨਾ ਪਾਣੀ ਨਹੀਂ ਔਂਦਾ । ਮੌਜਾਂ ਲੱਗ ਗਈਆਂ ।"

ਉਸੇ ਦਿਨ ਨਹਿਰ ਵਿਚ ਪਾਣੀ ਆ ਗਿਆ ਤੇ ਟੂਟੀ ਵਿਚ ਵੀ ।

ਅਗਲੀ ਸਵੇਰ ਪੌੜੀਆਂ ਚੜ੍ਹ ਜਦੋਂ ਸੰਤੂ ਨੇ ਪਾਣੀ ਲਈ ਬਾਲਟੀ ਮੰਗੀ ਤਾਂ ਪਤਨੀ ਨੇ ਕਿਹਾ, " ਹੁਣ ਤਾਂ ਲੋੜ ਨਹੀਂ, ਰਾਤ ਉੱਪਰ ਈ ਟੂਟੀ ਵਿਚ ਪਾਣੀ ਆ ਗਿਆ ਸੀ ।"

" ਨਹਿਰ 'ਚ ਪਾਣੀ ਆ ਗਿਆ !" ਸੰਤੂ ਨੇ ਹਉਕਾ ਲਿਆ ਤੇ ਵਾਪਸੀ ਲਈ ਪੌੜੀਆਂ ਵੱਲ ਕਦਮ ਘੜੀਸਣ ਲੱਗਾ । ਕੁਝ ਛਿਣ ਬਾਦ ਹੀ ਕਿਸੇ ਦੇ ਪੌੜੀਆਂ ਵਿੱਚੋਂ ਡਿੱਗਣ ਦੀ ਆਵਾਜ਼ ਆਈ । ਮੈਂ ਭੱਜ ਕੇ ਵੇਖਿਆ, ਸੰਤੂ ਵਿਹੜੇ ਵਿਚ ਮੂਧੇ ਮੂੰਹ ਪਿਆ ਸੀ ।

-0-



--
SHYAM SUNDER AGGARWAL
MOBILE-09888536437

Tuesday, April 21, 2009

ਹੱਦ

ਡਾ. ਸ਼ਿਆਮ ਸੁੰਦਰ ਦੀਪਤੀ


ਇਕ ਅਦਾਲਤ ਵਿਚ ਮੁਕੱਦਮਾ ਪੇਸ਼ ਹੋਇਆ, “ ਸਾਹਿਬ ! ਇਹ ਪਾਕਿਸਤਾਨੀ ਹੈ, ਸਾਡੇ ਦੇਸ਼ ਦੀ ਹੱਦ ਪਾਰ ਕਰਦਾ ਫੜਿਆ ਗਿਆ ਹੈ ।”“ ਤੂੰ ਇਸ ਬਾਰੇ ਕੁਝ ਕਹਿਣਾ ਚਾਹੁੰਦਾ ਹੈਂ ?” ਮਜਿਸਟਰੇਟ ਨੇ ਪੁੱਛਿਆ ।“ ਮੈਂ ਕੀ ਕਹਿਣਾ ਹੈ ਸਰਕਾਰ ! ਮੈਂ ਖੇਤਾਂ ਨੂੰ ਪਾਣੀ ਲਾ ਕੇ ਬੈਠਾ ਸੀ । ‘ਹੀਰ’ ਦੇ ਸੁਰੀਲੇ ਬੋਲ ਮੇਰੇ ਕੰਨਾਂ ’ਚ ਪਏ । ਮੈਂ ਉਨ੍ਹਾਂ ਬੋਲਾਂ ਨੂੰ ਸੁਣਦਾ ਤੁਰਿਆ ਆਇਆ, ਮੈਨੂੰ ਤਾਂ ਕਿਤੇ ਕੋਈ ਹੱਦ ਨਜ਼ਰ ਨਹੀਂ ਆਈ ।”

Thursday, April 16, 2009

ਜਸ਼ਨ

ਸ਼ਿਆਮ ਸੁੰਦਰ ਅਗਰਵਾਲ

ਫੌਜ ਤੇ ਪ੍ਰਸ਼ਾਸਨ ਦੀ ਦੋ ਦਿਨਾਂ ਦੀ ਜੱਦੋਜਹਿਦ ਸਫਲ ਹੋਈ। ਸੱਠ ਫੁੱਟ ਡੂੰਘੇ ਟੋਏ ਵਿਚ ਡਿੱਗੇ ਨੰਗੇ ਬਾਲਕ ਪ੍ਰਿੰਸ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ। ਉੱਥੇ ਹਾਜ਼ਰ ਰਾਜ ਦੇ ਮੁੱਖ ਮੰਤਰੀ ਤੇ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ। ਬੱਚੇ ਦੇ ਮਾਂ-ਬਾਪ ਤੇ ਲੋਕ ਖੁਸ਼ ਸਨ।

ਦੀਨ ਦੁਨੀਆ ਤੋਂ ਬੇਖ਼ਬਰ ਇਲੈਕਟ੍ਰਾਨਿਕ ਮੀਡੀਆ ਦੋ ਦਿਨਾਂ ਤੋਂ ਲਗਾਤਾਰ ਇਸ ਘਟਨਾ ਦਾ ਸਿੱਧਾ ਪ੍ਰਸਾਰਨ ਕਰ ਰਿਹਾ ਸੀ। ਮੁੱਖ ਮੰਤਰੀ ਦੇ ਤੁਰ ਜਾਣ ਨਾਲ ਸਾਰਾ ਮਜਮਾ ਖਿੰਡਣ ਲੱਗਾ। ਕੁਝ ਹੀ ਦੇਰ ਵਿਚ ਜਸ਼ਨ ਵਾਲਾ ਮਾਹੌਲ ਮਾਤਮੀ ਜਿਹਾ ਹੋ ਗਿਆ। ਟੀ.ਵੀ. ਪੱਤਰਕਾਰਾਂ ਦੇ ਜੋਸ਼ੀਲੇ ਚਿਹਰੇ ਹੁਣ ਮੁਰਝਾਏ ਜਿਹੇ ਲੱਗ ਰਹੇ ਸਨ। ਆਪਣਾ ਸਾਜੋਸਮਾਨ ਸਮੇਟ ਕੇ ਤੁਰਨ ਦੀ ਤਿਆਰੀ ਕਰ ਰਹੇ ਇਕ ਚੈਨਲ ਦੇ ਪੱਤਰਕਾਰ ਕੋਲ ਨਾਲ ਦੇ ਪਿੰਡ ਦਾ ਇਕ ਨੌਜਵਾਨ ਆਇਆ ਤੇ ਬੋਲਿਆ, " ਸਾਡੇ ਪਿੰਡ 'ਚ ਵੀ ਅਜਿਹਾ ਹੀ …"

ਨੌਜਵਾਨ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਪੱਤਰਕਾਰ ਦੇ ਮੁਰਝਾਏ ਚਿਹਰੇ ਉੱਤੇ ਚਮਕ ਆ ਗਈ, " ਕੀ ਤੁਹਾਡੇ ਪਿੰਡ 'ਚ ਵੀ ਬੱਚਾ ਟੋਏ 'ਚ ਡਿੱਗ ਪਿਆ ?"

" ਨਹੀਂ।"

ਨੌਜਵਾਨ ਦੇ ਉੱਤਰ ਨਾਲ ਪੱਤਰਕਾਰ ਦਾ ਚਿਹਰਾ ਫਿਰ ਬੁਝ ਗਿਆ, " ਤਾਂ ਫਿਰ ਕੀ ?"

" ਸਾਡੇ ਪਿੰਡ 'ਚ ਵੀ ਅਜਿਹਾ ਹੀ ਇਕ ਟੋਆ ਨੰਗਾ ਪਿਐ।" ਨੌਜਵਾਨ ਨੇ ਦੱਸਿਆ।

" ਤਾਂ ਫਿਰ ਮੈਂ ਕੀ ਕਰਾਂ ?" ਪੱਤਰਕਾਰ ਖਿੱਝ ਕੇ ਬੋਲਿਆ।

" ਤੁਸੀਂ ਮਹਿਕਮੇ 'ਤੇ ਜ਼ੋਰ ਦਿਉਂਗੇ ਤਾਂ ਉਹ ਟੋਆ ਬੰਦ ਕਰ ਦੇਣਗੇ। ਨਹੀਂ ਤਾਂ ਉਸ 'ਚ ਕਦੇ ਵੀ ਕੋਈ ਬੱਚਾ ਡਿੱਗ ਸਕਦੈ ।"

ਪੱਤਰਕਾਰ ਦੇ ਚਿਹਰੇ ਉੱਤੇ ਫਿਰ ਥੋੜੀ ਰੌਣਕ ਆ ਗਈ। ਉਸਨੇ ਆਪਣਾ ਕਾਰਡ ਨੌਜਵਾਨ ਨੂੰ ਫੜਾਉਂਦੇ ਹੋਏ ਹੋਲੇ ਜਿਹੇ ਕਿਹਾ, " ਨਿਗ੍ਹਾ ਰੱਖੀਂ, ਜਿਵੇਂ ਹੀ ਕੋਈ ਬੱਚਾ ਉਸ ਟੋਏ 'ਚ ਡਿੱਗੇ, ਮੈਨੂੰ ਇਸ ਨੰਬਰ 'ਤੇ ਫੋਨ ਕਰਦੀਂ। ਮੈਂ ਤੈਨੂੰ ਇਨਾਮ ਦਿਵਾ ਦਿਆਂਗਾ।"

-0-


--
SHYAM SUNDER AGGARWAL
MOBILE-09888536437

ਕੰਮ ਵਾਲੀਆਂ

ਸ਼ਿਆਮ ਸੁੰਦਰ ਅਗਰਵਾਲ

ਨਾਲ ਦੀ ਗਲੀ ਵਿੱਚੋਂ ਲੰਘਦੇ ਸਮੇਂ ਮੈਡਮ ਪ੍ਰਿਤਪਾਲ ਦੇ ਘਰ ਦਾ ਗੇਟ ਖੁੱਲਾ ਵੇਖ, ਮੇਰੇ ਪੈਰ ਠਿਠਕ ਗਏ। ਨੌਂ ਵੱਜ ਚੁੱਕੇ ਸਨ। ਪ੍ਰਿਤਪਾਲ ਤੇ ਉਹਦਾ ਘਰਵਾਲਾ ਤਾਂ ਸਵਾ ਕੁ ਅੱਠ ਵਜੇ ਹੀ ਨਿਕਲ ਜਾਂਦੇ ਹਨ ਘਰੋਂ, ਸਮੇ ਸਿਰ ਡਿਊਟੀ ਤੇ ਪਹੁੰਚਣ ਲਈ। ਸੁੱਖ ਤਾਂ ਹੈ ? ਦੀ ਸੋਚ ਆਈ ਤੇ ਕਾਲ-ਬੈੱਲ ਦਾ ਬਟਨ ਦਬਾ ਮੈਂ ਘਰ ਅੰਦਰ ਦਾਖਲ ਹੋ ਗਈ। ਉਂਜ ਵੀ ਪ੍ਰਿਤਪਾਲ ਨੂੰ ਮਿਲੇ ਕਈ ਦਿਨ ਹੋ ਗਏ ਸਨ।

ਪ੍ਰਿਤਪਾਲ ਨੇ ਮੈਨੂੰ ਘੁੱਟ ਕੇ ਜੱਫੀ ਪਾਈ ਤੇ ਫਿਰ ਖਿੱਚ ਕੇ ਡਰਾਇੰਗ ਰੂਮ ਵਿਚ ਲੈ ਗਈ।

" ਕੀ ਗੱਲ ਅੱਜ ਸਕੂਲ ਨਹੀਂ ਗਈ ? ਠੀਕ ਤਾਂ ਐਂ ?"

" ਭਿਦੀਏ, ਦੋ ਕੱਪ ਚਾਹ ਦੇ ਬਣਾਈਂ," ਦਾ ਹੁਕਮ ਦੇ ਕੇ ਉਹ ਬੋਲੀ, " ਇਹੋ ਜੀ ਤਾਂ ਕੋਈ ਗੱਲ ਨਹੀਂ। ਤਿੰਨ ਦਿਨ ਦੇ ਕਪੜੇ ਧੋਣ ਵਾਲੇ ਸਨ।"

" ਕੀ ਗੱਲ ਕੰਮ ਵਾਲੀ ਨਹੀਂ ਔਂਦੀ ?"

" ਕੰਮ ਵਾਲੀ ਤਾਂ ਭੈਣੇ, ਹਟਾਤੀ। ਲੋੜ ਵੀ ਨਹੀਂ ਰਹੀ ਜਦੋਂ ਦੀ ਆਹ ਨੇੜਲੇ ਬਸੰਤ ਨਗਰ ਵਾਲੇ ਸਕੂਲ 'ਚ ਬਦਲੀ ਹੋਈ ਐ।"

" ਕਿਉਂ ?" ਮੈਂ ਹੈਰਾਨ ਸੀ।

" ਪਿੰਡਾਂ ਦੀਆਂ ਕੁੜੀਆਂ ਆਉਂਦੀਐਂ ਪੜ੍ਹਨ ਸਕੂਲ 'ਚ। ਜਰਾ ਸਵਖਤੇ ਆ ਕੇ ਕਪੜੇ ਧੋ ਜਾਂਦੀਐਂ।" ਉਹ ਥੋੜੀ ਧੀਮੀ ਅਵਾਜ਼ ਵਿਚ ਬੋਲੀ।

ਤਦੇ ਬਾਰਾਂ-ਤੇਰਾਂ ਸਾਲ ਦੀ ਇਕ ਕੁੜੀ ਹੱਥ ਵਿਚ ਪੋਚਾ ਲਈ ਕਮਰੇ ਵਿਚ ਆਈ ਤਾਂ ਮੈਂ ਪ੍ਰਿਤਪਾਲ ਨੂੰ ਇਸ਼ਾਰੇ ਨਾਲ ਹੀ ਪੁੱਛਿਆ, " ਇਹ ਵੀ ?"

" ਇਹ ਛਿੰਦਰ ਐ, ਬੜੀ ਸਿਆਣੀ ਕੁੜੀ ਐ। ਅਜੇ ਸਤਵੀਂ 'ਚ ਪੜ੍ਹਦੀ ਐ, ਪਰ ਪੋਚੇ ਬੜੇ ਸੋਹਣੇ ਲਾਉਂਦੀ ਐ।" ਉਹਨੇ ਕੁੜੀ ਨੂੰ ਵੜਿਆਉਂਦੇ ਹੋਏ ਮੇਰੀ ਗੱਲ ਦਾ ਜਵਾਬ ਦਿੱਤਾ।

ਅੱਠਵੀਂ ਵਿਚ ਪੜ੍ਹਦੀ ਇਕ ਕੁੜੀ ਚਾਹ ਦੇ ਦੋ ਕੱਪ ਰੱਖ ਗਈ।

ਚਾਹ ਦੀ ਘੁੱਟ ਭਰਕੇ ਮੈਂ ਪੁੱਛਿਆ, " ਇਹ ਸਕੂਲ ਲੇਟ ਜਾਂਦੀਆਂ ਨੇ ਤਾਂ ਕੋਈ ਕੁੱਝ ਨਹੀਂ ਕਹਿੰਦਾ ?"

ਕਹਿਣਾ ਕੀਹਨੇ ਐ, ਮੈਂ ਹੀ ਮੁਖੀ ਆਂ ਸਕੂਲ ਦੀ।"

" ਪੜ੍ਹਾਈ ਦਾ ਹਰਜ਼ ਤਾਂ ਹੁੰਦਾ ਹੀ ਹੋਣਾ ਵਿਚਾਰੀਆਂ ਦਾ ?"

" ਪੜ੍ਹਾਈ ਦਾ ਕਾਹਦਾ ਹਰਜ਼! ਇਨ੍ਹਾਂ ਨੂੰ ਪਾਸ ਹੋਣ ਤਾਈਂ ਮਤਲਬ ਐ। ਉਹ ਮੈਂ ਇਨ੍ਹਾਂ ਨਾਲ ਵਾਦਾ ਕੀਤਾ ਹੋਇਐ, ਪਾਸ ਕਰਾਉਣ ਦਾ। ਤਾਂ ਹੀ ਇਹ ਮਨ ਲਾ ਕੇ ਕੰਮ ਕਰਦੀਐਂ।"

-0-


--
SHYAM SUNDER AGGARWAL
MOBILE-09888536437

ਕੁੰਡਲੀ

ਸ਼ਿਆਮ ਸੁੰਦਰ ਅਗਰਵਾਲ

ਵੱਡੇ ਭਰਾ ਲਈ ਜਦੋਂ ਵੀ ਕੋਈ ਯੋਗ ਰਿਸ਼ਤਾ ਆਉਂਦਾ, ਕੁੜੀ ਦੀ ਜਨਮ-ਕੁੰਡਲੀ ਲੈ, ਮਾਂ ਪੰਡਤ ਰਾਮਕ੍ਰਿਸ਼ਣ ਸ਼ਾਸਤਰੀ ਕੋਲ ਜਾਂਦੀ। ਸ਼ਾਸਤਰੀ ਜੀ ਕੁੜੀ ਦੀ ਕੁੰਡਲੀ ਨਾਲ ਭਰਾ ਦੀ ਕੁੰਡਲੀ ਮਿਲਾਉਂਦੇ ਤੇ ‘ਨਾਂਹ’ ਵਿਚ ਸਿਰ ਹਿਲਾ ਦਿੰਦੇ। ਕਦੇ ਅੱਠ ਗੁਣ ਮਿਲਦੇ ਤੇ ਕਦੇ ਦਸ। ਮਾਂ ਪੱਚੀ ਕੁ ਗੁਣਾਂ ਦੇ ਮਿਲੇ ਬਿਨਾ ਆਪਣੇ ਸਪੁੱਤਰ ਦੇ ਰਿਸ਼ਤੇ ਲਈ ਤਿਆਰ ਨਹੀਂ ਸੀ। ਪੰਦਰਾਂ ਕੁ ਯੋਗ ਕੁੜੀਆਂ ਦੇ ਰਿਸ਼ਤੇ ਮਾਂ ਦੀ ਇਸ ਪਰਖ ਕਸੌਟੀ ਦੀ ਬਲੀ ਚੜ੍ਹ ਚੁੱਕੇ ਸਨ।
ਸ਼ਾਸਤਰੀ ਜੀ ਇਲਾਕੇ ਦੇ ਮੰਨੇ-ਪ੍ਰਮੰਨੇ ਜੋਤਸ਼ੀ ਸਨ । ਉਹਨਾਂ ਕੋਲ ਸਦਾ ਭੀੜ ਲੱਗੀ ਰਹਿੰਦੀ ਸੀ। ਮਿਲਣ ਲਈ ਸਮਾਂ ਲੈਣਾ ਪੈਂਦਾ ਸੀ। ਮਾਂ ਕਹਿੰਦੀ, ‘ ਸ਼ਾਸਤਰੀ ਜੀ ਤੋਂ ਵੱਡਾ ਕੋਈ ਵਿਦਵਾਨ ਜੋਤਸ਼ੀ ਨਹੀਂ। ਭਵਿੱਖ ਬਾਰੇ ਕਹੀ ਉਨ੍ਹਾਂ ਦੀ ਇਕ ਇਕ ਗੱਲ ਸਹੀ ਸਾਬਤ ਹੁੰਦੀ ਹੈ। ਜਦੋਂ ਤਕ ਉਹ ‘ਹਾਂ’ ਨਹੀਂ ਕਰ ਦਿੰਦੇ ਮੈਂ ਆਪਣੇ ਪੁੱਤਰ ਦਾ ਰਿਸ਼ਤਾ ਨਹੀਂ ਕਰਾਂਗੀ। ਮੈਂ ਆਪਣੇ ਪੁੱਤਰ ਦੀ ਜ਼ਿੰਦਗੀ ਦਾਅ ’ਤੇ ਨਹੀਂ ਲਾ ਸਕਦੀ।’
ਤਿੰਨ-ਚਾਰ ਦਿਨ ਪਹਿਲਾਂ ਹੀ ਇਕ ਹੋਰ ਰਿਸ਼ਤਾ ਆਇਆ ਸੀ। ਉਸ ਕੁੜੀ ਦੀ ਕੁੰਡਲੀ ਮਿਲਾਉਣ ਲਈ ਮਾਂ ਨੇ ਅੱਜ ਫਿਰ ਸ਼ਾਸਤਰੀ ਜੀ ਕੋਲ ਜਾਣਾ ਸੀ। ਕੁੜੀ ਭਰਾ ਦੇ ਬਰਾਬਰ ਹੀ ਪੜ੍ਹੀ-ਲਿਖੀ ਸੀ। ਸਿਹਤ ਪੱਖੋਂ ਠੀਕ ਸੀ ਤੇ ਸਾਡੀ ਜਾਣੀ-ਪਛਾਣੀ ਵੀ ਸੀ। ਉਹ ਇਕ ਨਾਮੀ ਕੰਪਨੀ ਵਿਚ ਪੰਜਾਹ ਕੁ ਹਜ਼ਾਰ ਰੁਪਏ ਮਹੀਨਾ ਤਨਖਾਹ ਲੈ ਰਹੀ ਸੀ।
ਮੈਂ ਪਹਿਲਾਂ ਵਾਂਗ ਮਾਂ ਨੂੰ ਅੱਜ ਫਿਰ ਕਿਹਾ, “ ਮਾਂ, ਤੂੰ ਪੰਡਤਾਂ ਦੇ ਚੱਕਰਾਂ ਵਿਚ ਪੈ ਕੇ ਇਹ ਚੰਗਾ ਰਿਸ਼ਤਾ ਹੱਥੋਂ ਨਾ ਗੁਆ।”
ਪਰ ਮਾਂ ਉੱਤੇ ਮੇਰੀ ਗੱਲ ਦਾ ਕੋਈ ਅਸਰ ਨਹੀਂ ਹੋਇਆ। ਉਹ ਬੋਲੀ, “ ਮੈਂ ਤੈਨੂੰ ਜਨਮ ਦਿੱਤਾ ਹੈ। ਤੂੰ ਮੈਨੂੰ ਪਾਠ ਨਾ ਪੜ੍ਹਾ। ਛੇਤੀ ਚੱਲ, ਸ਼ਾਸਤਰੀ ਜੀ ਨੇ ਸੁਬ੍ਹਾ ਨੌਂ ਵਜੇ ਦਾ ਸਮਾਂ ਦਿੱਤਾ ਹੈ ।”
ਮਨ ਮਾਰ ਕੇ ਮੈਂ ਸਕੂਟਰ ਬਾਹਰ ਕੱਢਿਆ। ਸ਼ਹਿਰ ਦੇ ਦੂਜੇ ਸਿਰੇ ’ਤੇ ਸਥਿਤ ਸ਼ਾਸਤਰੀ ਜੀ ਦੇ ਘਰ ਪਹੁੰਚੇ ਤਾਂ ਉੱਥੇ ਕੁਹਰਾਮ ਮੱਚਿਆ ਹੋਇਆ ਸੀ। ਪੁੱਛਣ ਤੇ ਪਤਾ ਲੱਗਾ ਕਿ ਛੇ ਕੁ ਮਹੀਨੇ ਪਹਿਲਾਂ ਵਿਆਹੀ ਸ਼ਾਸਤਰੀ ਜੀ ਦੀ ਧੀ ਦਾ ਪਤੀ ਸਵੇਰੇ ਇਕ ਦੁਰਘਟਨਾ ਵਿਚ ਮਰ ਗਿਆ ਸੀ।
-0-

ਚਮਤਕਾਰ

ਸ਼ਿਆਮ ਸੁੰਦਰ ਅਗਰਵਾਲ
ਬੱਚੇ ਦੀ ਬੀਮਾਰੀ ਕਾਰਨ ਗਰੀਬੂ ਦੋ ਦਿਨਾਂ ਤੋਂ ਦਿਹਾੜੀ ਕਰਨ ਨਹੀਂ ਸੀ ਜਾ ਸਕਿਆ। ਅੱਜ ਬੱਚਾ ਕੁੱਝ ਠੀਕ ਹੋਇਆ ਤਾਂ ਘਰ ਵਿਚ ਰਾਸ਼ਨ ਪਾਣੀ ਮੁਕ ਗਿਆ ਸੀ। ਬੱਚੇ ਨੂੰ ਪਿਆਉਣ ਲਈ ਘਰ ਵਿਚ ਇਕ ਤੁਪਕਾ ਦੁੱਧ ਵੀ ਨਹੀਂ ਸੀ।
“ ਜਾਓ, ਹੱਟੀ ਆਲੇ ਨੂੰ ਆਖੋ ਜੁਆਕ ਬਮਾਰ ਐ, ਪਾਈਆ ਦੁੱਧ ਹੁਦਾਰ ਦੇ ਦਵੇ। ਭਲਕ ਨੂੰ ਦੇਦਾਂਗੇ ਉਹਦੇ ਸਾਰੇ ਪੈਸੇ।” ਪਤਨੀ ਨੇ ਕਿਹਾ ਤਾਂ ਗਰੀਬੂ ਗੜਵੀ ਲੈ ਕੇ ਤੁਰ ਪਿਆ।
ਉਹਨੇ ਦੁਕਾਨਦਾਰ ਕੋਲ ਬੱਚੇ ਦੀ ਬਿਮਾਰੀ ਦਾ ਵਾਸਤਾ ਦੇ ਦੁੱਧ ਲਈ ਬੇਨਤੀ ਕੀਤੀ ਤਾਂ ਉਹ ਬੋਲਿਆ, “ ਉਧਾਰ-ਨਗਦ ਤਾਂ ਬਾਦ ਦੀ ਗੱਲ ਐ, ਮੇਰੇ ਕੋਲ ਤਾਂ ਚਾਹ ਪੀਣ ਜੋਗਾ ਦੁੱਧ ਵੀ ਹੈ ਨੀ। ਸਾਰਾ ਦੁੱਧ ਲੋਕ ਲੈਗੇ, ਭਗਵਾਨ ਦੀ ਮੂਰਤੀ ਨੂੰ ਪਿਆਉਣ ਲਈ। ਅੱਜ ਤਾਂ ਚਮਤਕਾਰ ਹੋ ਗਿਆ, ਮੂਰਤੀ ਦੁੱਧ ਪੀ ਰਹੀ ਐ।”
“ ਪੱਥਰ ਦੀ ਮੂਰਤੀ ਦੁੱਧ ਪੀ ਰਹੀ ਐ ?” ਗਰੀਬੂ ਹੈਰਾਨ ਸੀ। ਉਹਨੇ ਸੋਚਿਆ− ‘ ਭਗਵਾਨ ਕਿੰਨਾ ਕੁ ਦੁੱਧ ਪੀਊ ? ਐਡਾ ਕਿੱਡਾ ਕੁ ਢਿੱਡ ਐ ? ਮੰਦਰ ਚਲਦੈਂ, ਸ਼ੈਂਤ ਉੱਥੇ ਈ ਮੈਨੂੰ ਮੁੰਡੇ ਜੋਗਾ ਦੁੱਧ ਮਿਲ ਜੇ।’
ਤੇ ਉਹ ਮੰਦਰ ਵੱਲ ਨੂੰ ਹੋ ਲਿਆ।
ਮੰਦਰ ਵਿਚ ਭੀੜ ਲੱਗੀ ਸੀ। ਲੋਕ ਕੋਲੀਆਂ, ਗਲਾਸਾਂ ਤੇ ਗੜਵੀਆਂ ਵਿਚ ਦੁੱਧ ਲਈ ਕਤਾਰ ਵਿਚ ਖੜੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ। ਇਕ ਮੋਟੇ ਲਾਲੇ ਕੋਲ ਵੱਡੀ ਸਾਰੀ ਗੜਵੀ ਵੇਖ ਗਰੀਬੂ ਨੇ ਉਸ ਕੋਲ ਜਾ ਬੇਨਤੀ ਕੀਤੀ, “ ਜੁਆਕ ਬਮਾਰ ਐ, ਭੋਰਾ ਦੁੱਧ ਦੇ ਦਿਉਂਗੇ ਤਾਂ ਥੋਡਾ ਭਲਾ ਹੋਊ।… ਮੂਰਤੀ ਨੂੰ ਭੋਰਾ ਘੱਟ ਪਿਆ ਦਿਓ…।”
ਲਾਲੇ ਨੇ ਉਹਨੂੰ ਘੂਰ ਕੇ ਵੇਖਿਆ ਤੇ ਕਿਹਾ, “ ਮੈਂ ਭਗਵਾਨ ਨਮਿੱਤ ਲਿਆਂਦੈ ਸਾਰਾ ਦੁੱਧ। ਤੈਨੂੰ ਦੇਕੇ ਪਾਪ ਦਾ ਭਾਗੀ ਨਹੀਂ ਬਣਨਾ।”
ਕਿਸੇ ਨੂੰ ਗਰੀਬ ਉੱਤੇ ਤਰਸ ਨਹੀਂ ਆਇਆ । ਅੰਤ ਉਹ ਕਿਤੇ ਹੋਰ ਕੋਸ਼ਿਸ਼ ਕਰਨ ਲਈ ਮੰਦਰ ਵਿੱਚੋਂ ਬਾਹਰ ਆ ਗਿਆ। ਮੰਦਰ ਦੇ ਪਿਛਵਾੜੇ ਵਾਲੀ ਭੀੜੀ ਜਿਹੀ ਸੁੰਨੀ ਗਲੀ ਵਿੱਚੋਂ ਲੰਘਦਿਆਂ ਉਹਨੇ ਇਕ ਹੋਰ ਚਮਤਕਾਰ ਵੇਖਿਆ− ਮੰਦਰ ਪਿਛਲੀ ਨਾਲੀ ਜੋ ਸਦਾ ਗੰਦੇ ਪਾਣੀ ਨਾਲ ਭਰੀ ਰਹਿੰਦੀ ਸੀ, ਅੱਜ ਦੁੱਧ ਨਾਲ ਸਫ਼ੈਦ ਹੋਈ ਪਈ ਸੀ।
-0-

ਸਾਂਝਾ ਦਰਦ

ਸ਼ਿਆਮ ਸੁੰਦਰ ਅਗਰਵਾਲ
ਬਿਰਧ ਆਸ਼ਰਮ ਵਿਚ ਗਏ ਪੱਤਰਕਾਰ ਨੇ ਉੱਥੇ ਬਰਾਂਡੇ ਵਿਚ ਬੈਠੀ ਇਕ ਬਜ਼ੁਰਗ ਔਰਤ ਨੂੰ ਪੁੱਛਿਆ, “ ਮਾਂ ਜੀ, ਤੁਹਾਡੇ ਕਿੰਨੇ ਪੁੱਤਰ ਹਨ?”
ਉਹ ਬੋਲੀ, “ ਨਾ ਪੁੱਤ, ਨਾ ਧੀ। ਮੇਰੇ ਤਾਂ ਕੋਈ ਔਲਾਦ ਨਹੀਂ।”
ਪੱਤਰਕਾਰ ਬੋਲਿਆ, “ ਤੁਹਾਨੂੰ ਗਮ ਤਾਂ ਹੋਵੇਗਾ ਪੁੱਤਰ ਨਾ ਹੋਣ ਦਾ। ਪੁੱਤਰ ਹੁੰਦਾ ਤਾਂ ਅੱਜ ਤੁਸੀਂ ਇਸ ਬਿਰਧ ਆਸ਼ਰਮ ’ਚ ਨਾ ਹੋ ਕੇ ਆਪਣੇ ਘਰ ਹੁੰਦੇ।”
ਬਜ਼ੁਰਗ ਔਰਤ ਨੇ ਥੋੜੀ ਦੂਰ ਬੈਠੀ ਇਕ ਦੂਜੀ ਔਰਤ ਵੱਲ ਇਸ਼ਾਰਾ ਕਰਦੇ ਹੋਏ ਕਿਹਾ, “ ਉਹ ਬੈਠੀ ਮੇਰੇ ਨਾਲੋਂ ਵੀ ਦੁਖੀ, ਉਹਦੇ ਤਿੰਨ ਪੁੱਤ ਨੇ। ਉਹਨੂੰ ਪੁੱਛ ਲੈ ।”
ਪੱਤਰਕਾਰ ਉਸ ਬੁੱਢੀ ਵੱਲ ਜਾਣ ਲੱਗਾ ਤਾਂ ਨੇੜੇ ਹੀ ਬੈਠਾ ਇਕ ਬਜ਼ੁਰਗ ਬੋਲ ਪਿਆ, “ ਪੁੱਤਰ, ਇਸ ਆਸ਼ਰਮ ’ਚ ਅਸੀਂ ਜਿੰਨੇ ਵੀ ਲੋਕ ਆਂ, ਉਨ੍ਹਾਂ ’ਚੋਂ ਇਸ ਭੈਣ ਨੂੰ ਛੱਡ ਕੇ ਬਾਕੀ ਸਾਰਿਆਂ ਦੇ ਦੋ ਤੋਂ ਪੰਜ ਤਕ ਪੁੱਤਰ ਹਨ। ਪਰ ਸਾਡੇ ਸਾਰਿਆਂ ’ਚ ਇਕ ਗੱਲ ਸਾਂਝੀ ਐ…”
“ ਉਹ ਕੀ ?” ਪੱਤਰਕਾਰ ਨੇ ਉਤਸੁਕਤਾ ਨਾਲ ਪੁੱਛਿਆ।
“ ਸਾਡੇ ਸਾਰਿਆਂ ’ਚੋਂ ਕਿਸੇ ਦੇ ਵੀ ਧੀ ਨਹੀਂ ਹੈ।” ਬਜ਼ੁਰਗ ਦਰਦ ਭਰੀ ਅਵਾਜ਼ ਵਿਚ ਬੋਲਿਆ, “ ਜੇ ਧੀ ਹੁੰਦੀ ਤਾਂ ਸ਼ਾਇਦ ਅੱਜ ਅਸੀਂ ਇਸ ਆਸ਼ਰਮ ’ਚ ਨਾ ਹੁੰਦੇ।”
-0-

ਭਾਈਵਾਲ

ਸ਼ਿਆਮ ਸੁੰਦਰ ਅਗਰਵਾਲ
ਘਰ ਦੀ ਮਾਲਕਣ ਦਾ ਕਤਲ ਕਰ, ਸਾਰੀ ਨਕਦੀ ਤੇ ਜ਼ੇਵਰ ਥੈਲੇ ਵਿਚ ਸਮੇਟ ਸਾਧਾ ਜਦੋਂ ਮਕਾਨ ਤੋਂ ਬਾਹਰ ਨਿਕਲਿਆ ਤਾਂ ਲੋਕਾਂ ਦੀ ਨਿਗ੍ਹਾ ਵਿਚ ਆ ਗਿਆ। ‘ਚੋਰ-ਚੋਰ’ ਦਾ ਸ਼ੋਰ ਮਚ ਗਿਆ। ਘਬਰਾਹਟ ਵਿਚ ਸਾਧੇ ਤੋਂ ਸਕੂਟਰ ਵੀ ਸਟਾਰਟ ਨਾ ਹੋਇਆ। ਲੋਕਾਂ ਤੋਂ ਬਚਣ ਲਈ ਉਹ ਪੈਦਲ ਹੀ ਭੱਜ ਲਿਆ।
ਪੂਰਾ ਵਾਹ ਲਾ ਕੇ ਭੱਜਦਿਆਂ ਵੀ ਸਾਧੇ ਨੂੰ ਲੱਗ ਰਿਹਾ ਸੀ ਕਿ ਛੇਤੀ ਹੀ ਲੋਕ ਉਹਨੂੰ ਧੋਣੋਂ ਨੱਪ ਲੈਣਗੇ। ਆਪਣੇ ਬਚਾ ਲਈ ਉਹ ਪੁਲਿਸ ਥਾਣੇ ਵਿਚ ਵੜ ਗਿਆ।
ਸਾਧੇ ਪਿੱਛੇ ਲੱਗੀ ਭੀੜ ਨੂੰ ਵੇਖ ਥਾਣੇਦਾਰ ਨੂੰ ਲੱਗਾ ਕਿ ਉਹ ਉਸਨੂੰ ਬਚਾ ਨਹੀਂ ਸਕੇਗਾ। ਉਹਨੇ ਸਾਧੇ ਨੂੰ ਦੂਜੇ ਰਸਤੇ ਤੋਂ ਬਾਹਰ ਕੱਢ ਦਿੱਤਾ। ਜਦੋਂ ਸਾਧਾ ਥਾਣੇ ਤੋਂ ਬਾਹਰ ਨਿਕਲਿਆ ਤਾਂ ਉਹਦਾ ਥੈਲਾ ਪਹਿਲਾਂ ਨਾਲੋਂ ਹਲਕਾ ਹੋ ਗਿਆ ਸੀ।
ਲੋਕਾਂ ਨੂੰ ਥਾਣੇਦਾਰ ਦੀ ਕਰਤੂਤ ਦਾ ਪਤਾ ਲੱਗ ਗਿਆ। ਉਹ ਫਿਰ ਤੋਂ ਸਾਧੇ ਮਗਰ ਭੱਜ ਤੁਰੇ।
ਸਾਧੇ ਨੂੰ ਆਪਣੀ ਜਾਨ ਫਿਰ ਤੋਂ ਕੁੜੱਕੀ ਵਿਚ ਫਸੀ ਲੱਗੀ। ਉਹ ਘਬਰਾ ਗਿਆ। ਉਹਨੂੰ ਡਰ ਸੀ ਕਿ ਜੇ ਫੜਿਆ ਗਿਆ ਤਾਂ ਲੋਕ ਉਹਨੂੰ ਜ਼ਿੰਦਾ ਨਹੀਂ ਛੱਡਣਗੇ। ਉਹਨੇ ਆਪਣਾ ਸਾਰਾ ਜ਼ੋਰ ਲਾਇਆ ਤੇ ਭੱਜ ਕੇ ਵੱਡੇ ਲੀਡਰ ਦੀ ਕੋਠੀ ਵਿਚ ਦਾਖਲ ਹੋ ਗਿਆ।
ਜਦੋਂ ਤਕ ਲੋਕ ਲੀਡਰ ਦੀ ਕੋਠੀ ਉੱਤੇ ਪਹੁੰਚ ਕੋਈ ਕਾਰਵਾਈ ਕਰਦੇ, ਉਸ ਤੋਂ ਪਹਿਲਾਂ ਹੀ ਸਾਧੇ ਨੂੰ ਪਿਛਲੇ ਦਰਵਾਜੇ ਤੋਂ ਕਾਰ ਰਾਹੀਂ ਭਜਾ ਦਿੱਤਾ ਗਿਆ।
ਸਾਧਾ ਜਦੋਂ ਆਪਣੇ ਟਿਕਾਣੇ ਉੱਤੇ ਪਹੁੰਚਿਆ, ਉਹਦੇ ਥੈਲੇ ਵਿਚ ਕੁੱਝ ਜ਼ੇਵਰ ਹੀ ਬਚੇ ਸਨ।
-0-

Tuesday, April 14, 2009

ਵੱਡਾ ਦਿਨ

ਡਾ. ਸ਼ਿਆਮ ਸੁੰਦਰ ਦੀਪਤੀ
“ਹੈਲੋ! ਹੈਲੋ !…ਕੌਣ ? ਕਮਾਲ ਹੀ ਹੋਗੀ ਅੱਜ ਤਾਂ। ਅੱਜ ਤਾਂ ਬਈ ਵੱਡਾ ਦਿਨ ਚੜਿਐ !…ਤੈਨੂੰ ਕਿਵੇਂ ਯਾਦ ਆਗੀ…ਨਾਲੇ ਇੱਕੋ ਸ਼ਹਿਰ ਵਿਚ ਰਹਿਨੇ ਆਂ…ਹਾਂ, ਹਾਂ ਇਸ ਤਰ੍ਹਾਂ ਹੀ ਹੁੰਦਾ ਹੈ… ਬੱਚਿਆਂ ਨੂੰ ਸੈੱਟ ਕਰਨਾ ਕਿਹੜਾ ਸੌਖਾ ਹੈ ਅੱਜਕਲ… ਰਾਜੀਵ ਠੀਕ ਹੈ…ਅੱਛਾ, ਉਹ ਵੀ ਅਮਰੀਕਾ ਚਲਾ ਗਿਐ…ਆਹੋ, ਆਹੋ ! ਦੇਵ ਦਾ ਫੋਨ ਆਉਂਦਾ ਰਹਿੰਦੈ, ਕੱਲ ਹੀ ਗੱਲ ਕੀਤੀ ਹੈ ।…ਸੋਨਾ, ਡਿੱਗ ਪਈ ਹੈ, ਕਿਚਨ ’ਚ ਗਈ ਸੀ…ਨੌਕਰ ਹੈਗਾ ਭਾਵੇਂ, ਪਰ ਕਿੱਥੇ ਰਹਿ ਹੁੰਦਾ ਹੈ…ਅੱਛਾ, ਤੂੰ ਤਾਂ ਦੱਸਿਆ ਵੀ ਨਹੀਂ…ਤੇਰੀ ਤਾਂ ਆਵਾਜ ਹੀ ਮੁੱਦਤ ਬਾਅਦ ਮਿਲੀ ਹੈ ਸੁਨਣ ਨੂੰ…ਆਹੋ, ਇੱਥੇ ਵੀ ਐਵੇਂ ਹੀ ਚੱਲ ਰਿਹੈ, ਕਦੇ ਇਹ ਉੱਥੇ ਤੇ ਕਦੇ ਮੈਂ ਉੱਥੇ ।…ਹਾਂ, ਹਾਂ, ਬੱਚੇ ਤਾਂ ਗਏ ਹੀ, ਅਸੀਂ ਕਹਿੰਦੇ ਸੀ ਬੱਚਿਆਂ ਬਗੈਰ ਬੁੱਢੇ ਇਕੱਲੇ ਰਹਿ ਗਏ ਹੁਣ, ਪਰ ਹਾਲਾਤ ਅਜਿਹੇ ਬਣੇ ਨੇ ਕਿ ਦੋਵਾਂ ਨੂੰ ਵੀ ਇਕੱਠਾ ਰਹਿਣਾ ਨਸੀਬ ਨਹੀਂ ਹੁੰਦਾ, ਇਸ ਦੇ ਪੈਰ ਵਿਚ ਮੋਚ ਨਾ ਆਉਂਦੀ ਤਾਂ ਇਹ ਉੱਥੇ ਹੁੰਦੀ…ਆਹੋ। ਠੀਕ ਕਹਿਨੀ ਐਂ, ਮੋਚ ਆਉਣਾ ਹੀ ਹੁਣ ਲੱਕਖ ਹੋਣ ਦੀ ਨਿਸ਼ਾਨੀ ਹੈ।…ਨਹੀਂ, ਇਹ ਤਾਂ ਮੈਂ ਭੁੱਲ ਹੀ ਗਿਆ, ਤੂੰ ਯਾਦ ਕਿਵੇਂ ਕੀਤਾ ?… ਚੱਲ ਇਸ ਪੱਖੋਂ ਲੱਕੀ ਜਰੂਰ ਹਾਂ ਕਿ ਹੈ ਕੋਈ ਯਾਦ ਕਰਨ ਵਾਲਾ ।…ਹਾਂ-ਹਾਂ, ਤੇਰੀ ਗੱਲ ਸਹੀ ਹੈ…ਠੀਕ ਹੈ, ਬਿਲਕੁਲ ਸੱਚ ਹੈ…ਕਿਸੇ ਨੂੰ ਸਹਾਰਾ ਦੇਣ ਬਾਰੇ ਅੱਜਕਲ ਕੋਈ ਨਹੀਂ ਸੋਚਦਾ…ਉਹ ਤਾਂ ਆਪਣਾ ਹੀ ਸਹਾਰਾ ਲੱਭ ਰਿਹਾ ਹੁੰਦਾ ਹੈ ।…ਬਿਲਕੁਲ ਠੀਕ ਸੋਚਿਆ…ਆਹੋ ! ਹੁਣ ਸ਼ਹਿਰ ਵਿਚ ਰਹਿ ਵੀ ਕਿੰਨੇ ਕੁ ਗਏ ਹਨ ਆਪਣੇ ਜਮਾਤੀ…। ਲੈ ਇਹ ਤੂੰ ਕੀ ਕਹਿ ’ਤਾ, ਖਾਣਾ ਖਾਣ ਆਉਣ ਲਈ ਪੁੱਛਣ ਦੀ ਲੋੜ ਹੁੰਦੀ ਹੈ ।…ਦੇਖ ! ਮੈਂ ਤਾਂ ਖੁਸ਼ ਹੋਵਾਂਗਾ ਹੀ, ਸੋਨਾ ਨੂੰ ਵੀ ਚੰਗਾ-ਚੰਗਾ ਲੱਗੇਗਾ।…ਖੇਚਲ ! ਲੈ ਦੇਖ !…ਅੱਛਾ ! ਅੱਛਾ ! ਵੱਡੇ ਖਾਣੇ ਦੀ ਖੇਚਲ ।…ਉਹ ਤਾਂ ਤੇਰੇ ਨਾਲ ਬੈਠ ਕੇ ਖਾਣ ਨਾਲ ਹੀ ਹੋ ਜਾਵੇਗਾ ।…ਬਿਲਕੁਲ ! ਕਈ ਕਈ ਦਿਨ ਬਸ ਇਕ ਦੂਸਰੇ ਦਾ ਮੂੰਹ ਦੇਖ ਕੇ ਹੀ ਲੰਘ ਜਾਂਦੇ ਨੇ ।…ਲੈ ! ਇਹ ਤਾਂ ਹੋਰ ਖੁਸ਼ਖਬਰੀ ਵਾਲੀ ਗੱਲ ਹੈ । ਤੂੰ ਅਗਲੇ ਸਾਲ ਪਚੱਤਰ ਸਾਲਾਂ ਦਾ ਵੀ ਹੋ ਜਾਣੈ । ਠੀਕ ਹੀ ਹੈ, ਮੈਂ ਵੀ ਤਾਂ ਪਿਛਲੇ ਸਾਲ ਪਚੱਤਰ ਦਾ ਹੋਇਆ ਹਾਂ । ਇਕੱਲਾ ਸੀ ਇੱਥੇ । ਸੋਨਾ ਵੀ ਦੇਵ ਕੋਲ ਸੀ। ਫੋਨ ਆ ਗਿਆ ਸੀ ਮਾਂ-ਪੁੱਤ ਦਾ, ਚੱਲ ਤੇਰਾ ਜਨਮ ਦਿਨ ਮਿਲਕੇ ਮਨਾਵਾਂਗੇ…ਤੂੰ ਹਿੰਮਤ ਦਿਖਾਈ ਹੈ, ਸਭ ਕੁਝ ਹੋ ਜਾਣਾ ਹੈ ।…ਲੈ ਫਿਰ ਉਹੀ ਗੱਲ ! ਉਨ੍ਹੇ ਕਿਹੜਾ ਆਪ ਰੋਟੀ ਬਨਾਉਣੀ ਹੈ, ਉਹ ਤਾਂ ਖੁਦ ਗਰਮ ਪੱਟੀ ਬੰਨ੍ਹ ਕੇ ਪਈ ਹੈ…ਹੁਣ ਐਵੇਂ ਹੀ ਜੀਉਣਾ ਪੈਣਾ ਹੈ…ਠੀਕ ਹੈ, ਫਿਰ ਆ ਜਾ । ਤੇਰੇ ਨਾਲ ਘੰਟਾ ਦੋ ਘੰਟੇ ਬੈਠ ਕੇ , ਦੋ-ਚਾਰ ਗੱਲਾਂ ਕਰਾਂਗੇ ਨਾ, ਉਨ੍ਹਾਂ ਪਲਾਂ ਨੂੰ ਹੀ ਯਾਦ ਕਰਕੇ ਅਗਲੇ ਕਈ ਦਿਨ ਲੰਘ ਜਾਣਗੇ ।…”
-0-

ਇਸ ਵਾਰ

ਬਿਕਰਮਜੀਤ ਨੂਰ
ਬਾਬੂ ਕੁਲਦੀਪ ਰਾਇ ਡਿਊਟੀ ਤੋਂ ਲੇਟ ਹੋ ਰਿਹਾ ਸੀ ਤੇ ਇਧਰ ਪੰਡਤ ਜੀ ਦੇ ਆਉਣ ਦਾ ਨਾਂ ਨਿਸ਼ਾਨ ਵੀ ਨਹੀਂ ਸੀ। ਉਹ ਤਾਂ ਕਾਫੀ ਸਵੇਰੇ ਹੀ ਦੋ ਗੇੜੇ ਲਾ ਆਇਆ ਸੀ। ਵੈਸੇ ਰਾਤ ਵੀ ਉਸ ਨੇ ਗੁਜ਼ਾਰਿਸ਼ ਕਰ ਦਿੱਤੀ ਸੀ।
ਸਰਾਧਾਂ ਦੇ ਮੌਕੇ ਪਿਛਲੇ ਕਈ ਸਾਲਾਂ ਤੋਂ ਇਸੇ ਪੰਡਤ ਨੂੰ ਹੀ ਨਿਉਂਤਾ ਦਿੱਤਾ ਜਾਂਦਾ ਸੀ।
…ਤੇ ਅੱਜ ਵੀ ਬਾਬੂ ਕੁਲਦੀਪ ਰਾਇ ਨੇ ਆਪਣੇ ਪਿਤਾ ਦਾ ਸਰਾਧ ਕੀਤਾ ਸੀ।
ਵਕਤ ਅੱਠ ਦੇ ਕਰੀਬ ਹੋ ਚੁੱਕਾ ਸੀ। ਖੀਰ-ਪੂੜੀਆਂ, ਹਲਵਾ ਆਦਿ ਇਸ ਤੋਂ ਦੋ-ਢਾਈ ਘੰਟੇ ਪਹਿਲਾਂ ਦਾ ਤਿਆਰ ਪਿਆ ਸੀ। ਕੁਲਦੀਪ ਰਾਇ ਨੂੰ ਖਿਝ ਆਉਣੀ ਸ਼ੁਰੂ ਹੋ ਗਈ ਸੀ। ਪਤੀ-ਪਤਨੀ ਦੇ ਨਾਲ ਦੋਵੇਂ ਬੱਚੇ ਵੀ ‘ਸੁੱਚੇ ਮੂੰਹ’ ਹੀ ਬੈਠੇ ਸਨ। ਫਿਰ, ਬੱਚਿਆਂ ਨੇ ਤਾਂ ਆਪੋ ਆਪਣੇ ਸਕੂਲ ਵੀ ਜਾਣਾ ਸੀ।
ਕੁਲਦੀਪ ਰਾਇ ਕੋਲ ਤਾਂ ਛੁੱਟੀ ਵੀ ਕੋਈ ਨਹੀਂ ਸੀ। ਇਸ ਤੇ ਵਾਧਾ ਇਹ ਕਿ ਦਫ਼ਤਰ ਦੇ ਹਿਸਾਬ-ਕਿਤਾਬ ਦੀ ਪੜਤਾਲ ਚੱਲ ਰਹੀ ਸੀ। ਅੱਜ ਤਾਂ ਵਕਤ ਤੋਂ ਵੀ ਪਹਿਲਾਂ ਜਾਣਾ ਜ਼ਰੂਰੀ ਹੋਇਆ ਪਿਆ ਸੀ।
ਇਹੀ ਕਾਰਨ ਸੀ ਕਿ ਇਕ ਫਟੇਹਾਲ ਖਿਲਰੇ ਜਿਹੇ ਮੂੰਹ-ਸਿਰ ਵਾਲੇ ਮੰਗਤਿਆਂ ਵਾਂਗ ਦਿੱਸਦੇ ਬਜ਼ੁਰਗ ਨੇ ਆਪਣੇ ਮੂੰਹ ਵੱਲ ਹੱਥ ਦਾ ਇਸ਼ਾਰਾ ਕਰਕੇ ਕੁੱਝ ਖਾਣ ਨੂੰ ਮੰਗਿਆ ਸੀ, ਜਿਸ ਵੱਲ ਕੁਲਦੀਪ ਨੇ ਧਿਆਨ ਹੀ ਨਹੀਂ ਦਿੱਤਾ ਸੀ। ਉਹ ਬਜ਼ੁਰਗ ਵੀ ਜਲਦੀ ਹੀ ਅੱਗੇ ਚਲਾ ਗਿਆ ਸੀ।
“ ਜੁਆਕਾਂ ਨੂੰ ਤਾਂ ਤਿਆਰ ਕਰਕੇ ਭੇਜ ਸਕੂਲ, ਖਾਣਾ ਬਾਅਦ ’ਚ ਉੱਥੇ ਹੀ ਫੜਾ ਆਈਂ ।” ਕੁਲਦੀਪ ਰਾਇ ਨੇ ਜ਼ਰਾ ਉੱਚੀ ਬੋਲ ਕੇ ਪਤਨੀ ਨੂੰ ਕਿਹਾ, ਜਿਹੜੀ ਉਹਦੇ ਵਾਂਗ ਹੀ ਪਰੇਸ਼ਾਨ ਸੀ।
ਬੱਚਿਆਂ ਨੂੰ ਸਕੂਲ ਭੇਜਣ ਤੋਂ ਬਾਅਦ ਕੁਲਦੀਪ ਰਾਇ ਨੂੰ ਜਾਪਿਆ ਤਾਂ ਇਉਂ ਸੀ ਜਿਵੇਂ ਪੰਡਤ ਜੀ ਹੀ ਆ ਪਧਾਰੇ ਹੋਣ, ਪਰ ਹੈ ਸੀ ਇਹ ਉਹੀ ਮੰਗਤਿਆਂ ਵਾਂਗ ਦਿੱਸਦਾ ਬਜ਼ੁਰਗ ਆਦਮੀ।
ਕੁਲਦੀਪ ਰਾਇ ਨੇ ਬਗ਼ੈਰ ਵਕਤ ਖਰਾਬ ਕੀਤੇ ਬਜ਼ੁਰਗ ਨੂੰ ਅੰਦਰ ਬੁਲਾਇਆ। ਉਸ ਦੇ ਹੱਥ-ਪੈਰ ਧੁਆਏ ਅਤੇ ਪੂੰਝਣ ਲਈ ਨਵਾਂ ਤੌਲੀਆ ਅੱਗੇ ਕਰ ਦਿੱਤਾ। ਚਾਦਰ ਵਿਛੀ ਦਰੀ ਉੱਤੇ ਬਹਾ ਕੇ ਬਜ਼ੁਰਗ ਨੂੰ ਬਹੁਤ ਹੀ ਸ਼ਰਧਾ ਤੇ ਪ੍ਰੇਮ ਨਾਲ ਭੋਜਨ ਛਕਾਇਆ। ਇਕ ਸੌ ਇਕ ਰੁਪਿਆ ਨਕਦ ਭੇਂਟ ਕੀਤਾ।
ਰੱਜ ਪੁਜ ਕੇ ਉੱਠਣ ਲੱਗਿਆਂ ਬੇਤਹਾਸ਼ਾ ਖੁਸ਼ੀ ਅਤੇ ਸੰਤੁਸ਼ਟੀ ਕਾਰਣ ਬਜ਼ੁਰਗ ਤੋਂ ਕੁੱਝ ਵੀ ਬੋਲਿਆ ਨਹੀਂ ਸੀ ਜਾ ਰਿਹਾ।
-0-

Tuesday, April 7, 2009

ਥਿੰਦਾ ਘੜਾ




ਹਰਭਜਨ ਖੇਮਕਰਨੀ



ਬੀ.ਐਸ. ਗਿੱਲ ਦੀ ਨੇਮ-ਪਲੇਟ ਪੜ੍ਹਦਿਆਂ ਅਮਰੀਕ ਸਿੰਘ ਗਿੱਲ ਨੇ ਬੈੱਲ ਵਜਾਈ ਤਾਂ ਇਕ ਬਜ਼ੁਰਗ ਨੇ ਗੇਟ ਖੋਲ੍ਹਿਆ ।


'ਗਿੱਲ ਸਾਹਿਬ ਨੂੰ ਮਿਲਣੈ, ਦਫਤਰੋਂ ਆਇਐਂ ।' ਬਜ਼ੁਰਗ ਨੂੰ ਸਤਿਕਾਰ ਦੇਂਦਿਆਂ ਉਸ ਨੇ ਕਿਹਾ ।


'ਲੰਘ ਆਓ, ਬੈਠਕ ਵਿਚ ਬੈਠੇ ਨੇ ।'


ਉਹ ਬੈਠਕ ਵੱਲ ਹੋ ਗਿਆ ਤਾਂ ਉਹ ਬਜ਼ੁਰਗ ਵੀ ਆ ਗਿਆ । ਗਿੱਲ ਸਾਹਿਬ ਨੇ ਆਪਣੇ ਪਿਤਾ ਜੀ ਨਾਲ ਉਸਦੀ ਜਾਣ ਪਛਾਣ ਕਰਾਈ, 'ਬਾਪੂ ਜੀ, ਇਹ ਅਮਰੀਕ ਸਿੰਘ ਗਿੱਲ ਮੇਰੇ ਨਾਲ ਹੀ ਅਫਸਰ ਨੇ ।'


'ਇਹ ਤਾਂ ਫਿਰ ਆਪਣੇ ਹੀ ਹੋਏ ਕਿ ?' ਚਿਹਰੇ ਤੇ ਮੁਸਕਰਾਹਟ ਲਿਆਉਂਦਿਆਂ ਬਜ਼ੁਰਗ ਨੇ ਕਿਹਾ।


ਦਫਤਰੀ ਮਸਲਿਆਂ ਤੋਂ ਵਿਹਲੇ ਹੋ ਉਹ ਘੁੱਟ ਘੁੱਟ ਲਾਉਣ ਲੱਗ ਪਏ ਤਾਂ ਬਜ਼ੁਰਗ ਵੀ ਉਨ੍ਹਾਂ ਦਾ ਸਾਥੀ ਬਣ ਗਿਆ । ਅਮਰੀਕ ਸਿੰਘ ਗਿੱਲ ਨੂੰ ਧਰਮ ਪਾਲ ਵੱਲੋਂ ਖਲਾਅ ਵਿਚ ਛੱਡੇ ਅਧੂਰੇ ਵਾਕ 'ਗਿੱਲ ਸਾਹਿਬ ਦਾ ਗੋਤੀ ਅਫਸਰ ਆ ਰਿਐ, ਹੁਣ ਲੱਗ ਜਾਣਗੇ ਪਤੇ ਬਈ…ਕਹਿੰਦੇ ਆ ਨਾ ਕਿ ਇਕ ਇਕ ਤੇ ਦੋ ਯਾਰਾਂ' ਨੇ ਸਵੇਰ ਤੋਂ ਹੀ ਪ੍ਰੇਸ਼ਾਨ ਕੀਤਾ ਹੋਇਆ ਸੀ । ਇਸ ਅਧੂਰੇ ਵਾਕ ਵਿਚ ਕੜਵਾਹਟ, ਈਰਖਾ, ਡਰ…ਕਿੰਨਾ ਕੁਝ ਆਪਣੇ ਆਪ ਆ ਰਲਿਆ ਸੀ । ਸ਼ਾਇਦ ਗੋਤ-ਭਾਈ ਸਮਝਦਿਆਂ ਹੀ ਮੈਨੂੰ ਘਰ ਬੁਲਾਇਆ ਹੋਵੇ । ਤੀਸਰੇ ਪੈੱਗ ਦੇ ਖਤਮ ਹੁੰਦਿਆਂ ਹੀ ਉਹ ਨਸ਼ੇ ਦੇ ਲੋਰ ਵਿਚ ਬੋਲਿਆ, 'ਗਿੱਲ ਸਾਹਿਬ ! ਸ਼ਾਇਦ ਗੋਤ-ਭਾਈ ਹੋਣ ਕਰਕੇ ਤੁਸੀਂ ਆਹ ਖੇਚਲ ਕੀਤੀ ਏ, ਪਰ ਜਿਹੜੀ ਗੱਲ ਚਾਰ ਦਿਨਾਂ ਨੂੰ ਕਿਸੇ ਨੇ ਕਹਿਣੀ ਆ ਉਹ ਮੈਂ ਹੀ ਦਸ ਦੇਣਾ ਚਾਹਾਂਗਾ ਕਿ ਮੈਂ ਗਿੱਲ ਨਹੀਂ ਹਾਂ । ਇਹ ਤਾਂ ਮੇਰਾ ਪਿੰਡ ਗਿੱਲ-ਕਲਾਂ ਹੋਣ ਕਰਕੇ ਮੇਰੇ ਨਾਂ ਨਾਲ ਜੁੜ ਗਿਐ ।'


' ਛੱਡ ਯਾਰ ਇਹਨਾਂ ਗੱਲਾਂ ਨੂੰ । ਪੰਜਾਹ ਸਾਲ ਹੋ ਗਏ ਆਪਾਂ ਨੂੰ ਆਜ਼ਾਦ ਹੋਇਆਂ, ਪਰ ਇਸ ਜਾਤ ਗੋਤ ਨੇ ਸਾਨੂੰ ਅਜੇ ਵੀ ਓਨਾ ਈ ਜਕੜਿਆ ਏ, ਜਿੰਨਾ ਪੰਜ ਸੌ ਸਾਲ ਪਹਿਲਾਂ । ਤੇਰੀ ਇਸ ਸਾਫਗੋਈ ਨੇ ਮੇਰੇ ਦਿਲ ਵਿਚ ਹੋਰ ਇੱਜ਼ਤ ਵਧਾ ਦਿੱਤੀ ਏ, ਉਂਜ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਤੂੰ ਮਜ਼੍ਹਬੀ-ਗਿੱਲ ਏਂ ।'


ਇੰਨੀ ਗੱਲ ਸੁਣਦਿਆਂ ਹੀ ਬਜ਼ੁਰਗ ਦੇ ਮੱਥੇ ਤੇ ਤਿਉੜੀਆਂ ਉਭਰ ਆਈਆਂ । ਅਮਰੀਕ ਸਿੰਘ ਪੈੱਗ ਖਾਲੀ ਕਰਦਿਆਂ ਉੱਠਿਆ ਤੇ ਇਜ਼ਾਜ਼ਤ ਲੈ ਗੇਟ ਵੱਲ ਵਧਿਆ । ਅਜੇ ਉਹ ਸਕੂਟਰ ਸਟਾਰਟ ਕਰਨ ਹੀ ਲੱਗਾ ਸੀ ਕਿ ਉਸ ਨੇ ਸ਼ੀਸ਼ੇ ਦਾ ਗਲਾਸ ਟੁੱਟਣ ਦੀ ਆਵਾਜ਼ ਇਸ ਤਰ੍ਹਾਂ ਦੀ ਸੁਣੀ ਜਿਉਂ ਗਲਾਸ ਨੂੰ ਜਾਣ ਬੁੱਝ ਕੇ ਕੰਧ ਨਾਲ ਮਾਰਿਆ ਗਿਆ ਹੋਵੇ ।


-0-