-moz-user-select:none; -webkit-user-select:none; -khtml-user-select:none; -ms-user-select:none; user-select:none;

Monday, April 5, 2010

ਬਦਲਦੇ ਮੌਸਮ



ਪ੍ਰਿੰ. ਅਵਤਾਰ ਸਿੰਘ ਦੀਪਕ

“ਤੁਸੀਂ? ਹੈੱਡਮਾਸਟਰ ਸਾਹਬ? ਧੰਨ ਭਾਗ। ਆਓ ਲੰਘ ਆਓ। ਓਏ ਛੋਟੇ! ਕੁਰਸੀ ਸਾਫ ਕਰ ਕੇ ਲਿਆ, ਇੱਥੇ ਮੇਰੇ ਕੋਲ।…ਹੁਣ ਦੱਸੋ ਕੀ ਲਵੋਗੇ? ਠੰਡਾ ਜਾਂ ਗਰਮ?”ਕਸ਼ਮੀਰੀ ਲਾਲ ਪ੍ਰਕਾਸ਼ਕ, ਹੈੱਡ ਮਾਸਟਰ ਸਾਹਿਬ ਦਾ ਸੁਆਗਤ ਕਰਦਿਆਂ ਕਹਿ ਰਹੇ ਸਨ।
“ਮਿਹਰਬਾਨੀ। ਕਿਸੇ ਚੀਜ਼ ਦੀ ਲੋੜ ਨਹੀਂ।” ਹੈੱਡਮਾਸਟਰ ਸਾਹਿਬ ਨੇ ਜੁਆਬ ਦਿੱਤਾ, “ਇੱਧਰੋਂ ਲੰਘ ਰਿਹਾ ਸੀ। ਸੋਚਿਆ, ਤੁਹਾਡੇ ਦਰਸ਼ਨ ਕਰਦਾ ਜਾਵਾਂ। ਕੀ ਹਾਲ-ਚਾਲ ਐ ਕੰਮ-ਕਾਰ ਦਾ?”
“ਤੁਹਾਡੀ ਦਇਆ ਐ ਜੀ। ਐਤਕੀਂ ਤਾਂ ਸਭ ਕੁਛ ਦਾਅ ’ਤੇ ਲਾ ਦਿੱਤੈ। ਕਿਤਾਬਾਂ ਛਾਪਣਾ ਤਾਂ ਇੱਕ ਜੂਆ ਐ, ਹੈੱਡਮਾਸਟਰ ਸਾਹਬ। ਉਂਜ ਇਸ ਵਾਰੀ ਤਾਂ ਪਾਸਾ ਸਿੱਧਾ ਪੈਂਦਾ ਈ ਜਾਪਦੈ। ਚੰਗੇ ਆਥਰ ਵੀ ਤਾਂ ਭਾਗਾਂ ਨਾਲ ਈ ਮਿਲਦੇ ਐ। ਐਤਕਾਂ ਬੱਚਿਆਂ ਲਈ ਵਿਗਿਆਨ ਦੀਆਂ ਚਾਰ ਕਿਤਾਬਾਂ ਛਾਪੀਆਂ ਨੇ। ਇਹ ਚਾਰੇ ਕਿਤਾਬਾਂ ਦੁੱਗਲ ਜਲੰਧਰੀ ਪਾਸੋਂ ਲਿਖਵਾਈਆਂ ਨੇ। ਆਥਰ ਨੇ ਬਡ਼ੀ ਮਿਹਨਤ ਕੀਤੀ ਐ। ਛਾਪਣ ਲੱਗਿਆਂ ਅਸੀਂ ਵੀ ਕੋਈ ਕਸਰ ਨਹੀਂ ਛੱਡੀ।” ਕਸ਼ਮੀਰੀ ਲਾਲ ਨੇ ਰੌਂਅ ਵਿਚ ਆਉਂਦਿਆਂ ਕਿਹਾ। ਫਿਰ ਅੱਗੇ ਬੋਲਿਆ, “ਆਫਸੈੱਟ ’ਤੇ ਛਪੇ ਚਾਰ-ਰੰਗੇ ਚਿੱਤਰ ਵੇਖ ਕੇ ਪਾਠਕ ਦੀ ਭੁੱਖ ਲਹਿ ਜਾਂਦੀ ਐ। ਇਸ ਸਿਨਮੇ ਦੀ ਕਿਤਾਬ ‘ਤਸਵੀਰਾਂ ਬੋਲਦੀਆਂ’ ਨੇ ਰਾਸ਼ਟਰੀ ਇਨਾਮ ਜਿੱਤਿਐ। ਪੰਜ ਹਜ਼ਾਰ ਕਾਪੀਆਂ ਵੀ ਗੌਰਮਿੰਟ ਨੇ ਖਰੀਦੀਆਂ ਨੇ। ‘ਬਿਜਲੀ ਦੀਆਂ ਗੱਲਾਂ’ ਪੁਸਤਕ ਨੂੰ ਪੰਜਾਬ ਸਰਕਾਰ ਨੇ ਸਾਰੇ ਰਾਜ ਵਿਚ ਅੱਠਵੀਂ ਜਮਾਤ ਲਈ ਸਪਲੀਮੈਂਟ ਰੀਡਰ ਲਾ ਦਿੱਤੈ। ਕੋਈ ਕਿਤਾਬ ਖੋਲ੍ਹ ਕੇ ਵੇਖੋ। ਵਿਗਿਆਨ ਦਾ ਖੁਸ਼ਕ ਮੈਟਰ ਰੋਜ਼ ਦੀਆਂ ਜੀਵਨ ਦੀਆਂ ਉਦਾਹਰਣਾਂ ਨਾਲ ਏਨਾ ਮਨੋਰੰਜਕ ਬਣਾ ਦਿੱਤੈ ਕਿ ਬੱਚੇ ਦੇ ਦਿਮਾਗ ਵਿੱਚ ਝੱਟ ਬੈਠ ਜਾਂਦੈ। ਕੋਈ ਕਿਤਾਬ ਖੋਲ੍ਹ ਕੇ ਤਾਂ ਵੇਖੋ।”
“ਸਚਮੁੱਚ! ਕਿਤਾਬਾਂ ਤਾਂ ਕਮਾਲ ਦੀਆਂ ਹਨ। ਇਹ ਕਿਤਾਬਾਂ ਤਾਂ ਲਾਇਬਰੇਰੀ ਦਾ ਸ਼ਿੰਗਾਰ ਬਣਨਗੀਆਂ। ਕੀਮਤ ਵੀ ਵਾਜਬ ਐ, ਪੰਦਰਾਂ ਰੁਪਏ।” ਹੈੱਡਮਾਸਟਰ ਸਾਹਿਬ ਨੇ ਤਾਰੀਫ ਕੀਤੀ।
“ਛੱਡੋ, ਹੈੱਡਮਾਸਟਰ ਸਾਹਬ! ਪੈਪਸੀ ਲਵੋਗੇ ਕਿ ਚਾਹ?…ਗਰਮੀ ਬਡ਼ੀ ਐ। ਪੈਪਸੀ ਚੱਲੇਗੀ?”
“ਓਏ ਛੋਟੇ, ਭੱਜ ਕੇ ਜਾ ਤੇ ਅਮੀ ਚੰਦ ਪਾਸੋਂ ਲੱਗੀ ਹੋਈ ਠੰਡੀ ਪੈਪਸੀ ਲੈ ਆ…ਹਾਂ ਹੈੱਡਮਾਸਟਰ ਸਾਹਬ, ਤੁਸੀਂ ਆਰਡਰ ਕਦੋਂ ਭੇਜ ਰਹੇ ਹੋ?”
“ਕਾਹਦਾ ਆਰਡਰ?”
“ਆਪਣੇ ਸਕੂਲ ਦੀ ਲਾਇਬਰੇਰੀ ਲਈ ਕਿਤਾਬਾਂ ਦਾ?”
“ਪਰ ਕਸ਼ਮੀਰੀ ਲਾਲ ਜੀ, ਮੈਂ ਤਾਂ ਪਿਛਲੇ ਹਫਤੇ ਰਿਟਾਇਰ ਹੋ ਗਿਆ ਹਾਂ।”
‘ਰਿਟਾਇਰ’ ਲਫਜ਼ ਸੁਣਦਿਆਂ ਹੀ ਹੱਥ ਵਿਚ ਫਡ਼ੀ ਠੰਡੀ ਬੋਤਲ ਉਸਨੂੰ ਗਰਮ ਲੱਗਣ ਲੱਗ ਪਈ।
-0-

Saturday, April 3, 2010

ਪਹੁੰਚਿਆ ਫਕੀਰ



ਭੁਪਿੰਦਰ ਸਿੰਘ (ਪੀ.ਸੀ ਐਸ.)


ਇਕ ਕਮਰਾ ਕਹਿ ਲਓ ਜਾਂ ਨਿੱਕਾ ਘਰ।

ਉੱਥੇ ਹੀ ਸੱਸ-ਸਹੁਰਾ। ਉੱਥੇ ਹੀ ਵੱਡੀ ਨਣਦ। ਉੱਥੇ ਹੀ ਨਿੱਕਾ ਦਿਓਰ। ਤੇ ਇੱਕ ਪਾਸੇ ਪਤੀ-ਪਤਨੀ ਦੀਆਂ ਦੋ ਮੰਜੀਆਂ।

ਬਹੂ ਨੂੰ ਦੰਦਲਾਂ ਪੈਣ ਲੱਗੀਆਂ। ਪਲਾਂ ਵਿਚ ਹੀ ਹੱਥਾਂ ਪੈਰਾਂ ਵਿਚ ਹੋ ਜਾਇਆ ਕਰੇ। ਹੱਥਾਂ ਦੀਆਂ ਉਂਗਲਾਂ ਮੁਡ਼ ਜਾਇਆ ਕਰਨ। ਬੁੱਲ੍ਹਾਂ ਦਾ ਰੰਗ ਨੀਲਾ ਫਿਰ ਜਾਇਆ ਕਰੇ। ਹਕੀਮਾਂ ਦੀਆਂ ਦਵਾ-ਬੂਟੀਆਂ ਦੇਖੀਆਂ। ਡਾਕਟਰਾਂ ਦੇ ਟੀਕੇ ਵੀ ਲੁਆਏ, ਪਰ ਮੋਡ਼ ਕੋਈ ਨਾ।

ਕਿਸੇ ਨੇ ਇਕ ਫਕੀਰ ਦੀ ਦੱਸ ਪਾਈ। ਸੱਤ ਮੀਲ ਤੇ ਉਹਦਾ ਡੇਰਾ। ਪਤੀ ਨੇ ਸਾਈਕਲ ਦੇ ਹੈਂਡਲ ਉੱਤੇ ਉਹਨੂੰ ਬਠਾਇਆ ਤੇ ਪੈਡਲਾਂ ਨੂੰ ਦਾਬ ਦੇ ਦਿੱਤੀ। ਰਾਹ ਵਿਚ ਇਕ ਨਿੱਕਾ ਜਿਹਾ ਬਾਗ ਆਇਆ। ਹੈਂਡਲ ਚੁਭਣ ਦਾ ਬਹਾਨਾ ਲਾ ਕੇ ਪਤਨੀ ਉਤਰ ਗਈ। ਦੋਨੋਂ ਬੈਠ ਗਏ। ਰੱਜ ਕੇ ਗੱਲਾਂ ਕੀਤੀਆਂ। ਫੇਰ ਰੂਹਾਂ ਇਕ-ਮਿਕ ਹੋ ਗਈਆਂ। ਕੋਈ ਰੋਕਣ ਟੋਕਣ ਵਾਲਾ ਨਹੀਂ ਸੀ। ਜੋ ਮਨ ਆਇਆ ਕੀਤਾ।

ਅੱਜ ਦੀ ਯਾਤਰਾ ਨਾਲ ਹੌਲੀ ਫੁਲ ਹੋ ਗਈ ਆਂ ਬਾਬਾ ਜੀ, ਜਿਵੇਂ ਰੋਗ ਈ ਕੋਈ ਨ੍ਹੀਂ ਰਿਹਾ ਹੁੰਦਾ।ਡੇਰੇ ਪੁੱਜ ਕੇ ਉਸ ਆਖਿਆ।

ਤਾਂ ਹਰ ਬੁੱਧਵਾਰ ਬੀਸ ਚੌਂਕੀਆਂ ਭਰੋ ਬੇਟੀ। ਦੁਆ-ਦਾਰੂ ਦੀ ਲੋਡ਼ ਨਹੀਂ। ਮਹਾਰਾਜ ਭਲੀ ਕਰੇਗਾ।

-0-