-moz-user-select:none; -webkit-user-select:none; -khtml-user-select:none; -ms-user-select:none; user-select:none;

Sunday, December 25, 2011

ਵਧਾਈ ਕਾਰਡ


ਡਾ. ਮਹਿਤਾਬ-ਉਦ-ਦੀਨ

ਸਾਡੀ ਕਿਤਾਬਾਂ ਦੀ ਦੁਕਾਨ ਉੱਤੇ ਹਰ ਸਾਲ ਦੀਵਾਲੀ ਦੇ ਮੌਕੇ ਤੇ ਹੱਥ ਨਾਲ ਬਣਾਏ ਵਧਾਈ ਕਾਰਡਾਂ ਦੀ ਕਾਫੀ ਮੰਗ ਰਹਿੰਦੀ ਸੀ। ਉਹ ਕਾਰਡ ਬਣੇ ਵੀ ਬੇਹੱਦ ਖੂਬਸੂਰਤ ਹੁੰਦੇ ਸਨ, ਜਿਵੇਂ ਬਣਾਉਣ ਵਾਲਾ ਆਪਣੀ ਰੂਹ ਉਹਨਾਂ ਵਿਚ ਭਰ ਦਿੰਦਾ ਹੋਵੇ।
ਇਹਨਾਂ ਕਾਰਡਾਂ ਨੂੰ ਮਹਾਨਗਰ ਵਿਚ ਰਹਿੰਦਾ ਮੇਰਾ ਇਕ ਮਿੱਤਰ ਕਿਸੇ ਤੋਂ ਬਣਵਾ ਕੇ ਭੇਜਦਾ ਹੁੰਦਾ ਸੀ। ਛਪੇ ਕਾਰਡਾਂ ਦੀ ਬਨਿਸਬਤ ਇਹਨਾਂ ਕਾਰਡਾਂ ਦੀ ਵਿਕਰੀ ਨਾਲ ਚੋਖੇ ਪੈਸੇ ਬਚ ਜਾਂਦੇ ਸਨ।
ਦੀਵਾਲੀ ਸਿਰ ਤੇ ਆ ਗਈ ਸੀ, ਪਰ ਇਸ ਸਾਲ ਮੇਰੇ ਮਿੱਤਰ ਨੇ ਕਾਰਡ ਨਹੀਂ ਭੇਜੇ ਸਨਚਿੱਠੀ ਲਿਖਣ ਦਾ ਕੋਈ ਫਾਇਦਾ ਨਹੀਂ ਸੀ ਕਿਉਂਕਿ ਜਦ ਤਕ ਜੁਆਬ ਅੱਪੜਨਾ ਸੀ, ਦੀਵਾਲੀ ਕਦੋਂ ਦੀ ਨਿੱਕਲ ਗਈ ਹੋਣੀ ਸੀ। ਦੁਕਾਨ ਬੰਦ ਕਰਕੇ ਮੈਂ ਆਪ ਜਾ ਕੇ ਕਾਰਡ ਲਿਆ ਨਹੀਂ ਸੀ ਸਕਦਾ। ਇਸ ਵਾਰ ਤਾਂ ਇਹ ਚੰਗਾ ਪੰਗਾ ਪੈ ਗਿਆ।ਮੈਂ ਸੋਚਿਆ ਚਲੋ ਖੈਰ!ਕਹਿਕੇ ਦਿਲ ਨੂੰ ਤਸੱਲੀ ਦਿੱਤੀ। ਪਰ ਫਿਰ ਵੀ ਮਨ ਵਿਚ ਇਹ ਜਾਣਨ ਦੀ ਉਤਸੁਕਤਾ ਜ਼ਰੂਰ ਸੀ ਕਿ ਐਤਕੀਂ ਕਾਰਡ ਕਿਉਂ ਨਹੀਂ ਆਏ?
ਦੀਵਾਲੀ ਤੋਂ ਇਕ ਦਿਨ ਪਹਿਲਾਂ ਦੋਸਤ ਦੀ ਚਿੱਠੀ ਆਈ। ਲਿਖਿਆ ਸੀ, ‘ਕਾਰਡ ਬਣਾਉਣ ਵਾਲਾ ਮੁਹੰਮਦ ਰਮਜ਼ਾਨ ਪਿੱਛੇ ਜਿਹੇ ਹੋਏ ਫਿਰਕੂ ਦੰਗਿਆਂ ਵਿਚ ਮਾਰਿਆ ਗਿਆ ਹੈ। ਇਸ ਲਈ ਇਸ ਵਾਰ ਕਾਰਡ ਨਹੀਂ ਭੇਜ ਸਕਿਆ। ਬਾਕੀ ਸਭ ਠੀਕ ਹੈ। ਤੁਹਾਡੇ ਲਈ ਇਹ ਦੀਵਾਲੀ ਸ਼ੁਭ ਹੋਵੇ।
ਪਤਾ ਨਹੀਂ ਦੀਵਾਲੀ ਸਾਡੇ ਸਾਰਿਆਂ ਲਈ ਸ਼ੁਭ ਸੀ ਜਾਂ ਅਸ਼ੁਭ, ਪਰ ਇਸ ਵਾਰ ਚਾਹੁੰਦਿਆਂ ਹੋਇਆਂ ਵੀ ਮੈਂ ਦੀਵਾਲੀ ਨਾ ਮਨਾਈ।
                             -0-

Monday, December 19, 2011

ਡਿੱਗਦੇ ਮੀਨਾਰ


ਜਸਬੀਰ ਢੰਡ

ਉਹ, ਮਾਪਿਆਂ ਦਾ ਇਕਲੌਤਾ ਪੁੱਤਰ, ਸ਼ਕਲ ਸੂਰਤ ਪੱਖੋਂ ਭਾਵੇਂ ਸਧਾਰਨ ਸੀ, ਪਰ ਪੜ੍ਹਾਈ ਵਿਚ ਹੁਸ਼ਿਆਰ ਸੀ। ਪਿਓ ਨੇ ਹੱਲਾ-ਸ਼ੇਰੀ ਦਿੱਤੀ, ਪੁੱਤਰਾ! ਜਿੰਨਾ ਮਰਜ਼ੀ ਪੜ੍ਹ…ਮੈਂ ਔਖਾ ਹੋਵਾਂ, ਚਾਹੇ ਸੌਖਾ। ਖਰਚੇ ਵੰਨੀਓਂ ਨਾ ਫ਼ਿਕਰ ਕਰੀਂ…।
ਯੂਨੀਵਰਸਿਟੀ ਵਿਚ ਡਬਲ ਐਮ.ਏ ਕਰਨ ਤੋਂ ਬਾਦ ਉਸ ਪੀ.ਐਚ.ਡੀ ਕਰਨ ਦੀ ਤਿਆਰੀ ਕਰ ਲਈ। ਸਾਰੀਆਂ ਮੁੱਢਲੀਆਂ ਸ਼ਰਤਾਂ ਪੂਰੀਆਂ ਕਰ ਚੁੱਕਾ ਸੀ, ਪਰ ਹੁਣ ਗਾਈਡ ਦੀ ਸਮੱਸਿਆ ਆਣ ਖੜੀ ਸੀ। ਜਿਸ ਕਿਸੇ ਕੋਲ ਵੀ ਜਾਂਦਾ, ਉਹੀ ਸਿਰ ਮਾਰ ਦਿੰਦਾ। ਕਿਸੇ ਕੋਲ ਸਮਾਂ ਨਹੀਂ ਸੀ, ਸਭ ਰੁੱਝੇ ਹੋਏ ਸਨ। ਇਕ ਵਿਦਵਾਨ ਦੀ ਵਿਦਵੱਤਾ ਦਾ ਉਹ ਕਾਇਲ ਸੀ। ਉਸਦਾ ਜੀਅ ਕਰਦਾ ਸੀ ਕਿ ਉਹ ਉਸਦਾ ਗਾਈਡ ਬਣੇ। ਅਥਾਹ ਸ਼ਰਧਾ ਸੀ ਉਸ ਵਿਦਵਾਨ ਪ੍ਰਤੀ ਉਸਦੇ ਮਨ ਵਿਚ।
ਆਪਣੇ ਸਾਰੇ ਅਸਰ-ਰਸੂਖ ਵਾਲੇ ਮਿੱਤਰਾਂ ਕੋਲ ਆਪਣੀ ਸਮੱਸਿਆ ਦੱਸੀ ਤਾਂ ਇਕ ਮਿੱਤਰ ਨੇ ਹਾਮੀ ਭਰੀ ਕਿ ਉਹ ਉਸ ਵਿਦਵਾਨ ਨੂੰ ਮਿਲਾ ਦੇਵੇਗਾ।
ਪਰ ਬੰਦਾ ਰੰਗੀਲੈ…ਖਾਣ-ਪੀਣ ਦਾ ਸ਼ੁਕੀਨ…ਖਰਚਾ ਖੁੱਲ੍ਹਾ ਕਰਨਾ ਪਊ।
ਮਿੱਤਰ ਨੇ ਪਹਿਲਾਂ ਹੀ ਸਾਵਧਾਨ ਕੀਤਾ ਤਾਂ ਉਸ ਘਰੋਂ ਹੋਰ ਪੈਸੇ ਮੰਗਵਾ ਲਏ।
ਇਕ ਸ਼ਾਮ ਵਧੀਆ ਹੋਟਲ ਵਿਚ ਵਿਦਵਾਨ ਦੀ ਖੂਬ ਸੇਵਾ ਕੀਤੀ। ਖਾਂਦਿਆਂ-ਪੀਂਦਿਆਂ ਉਹ ਬੇਤਕੱਲਫ਼ ਹੁੰਦਾ ਗਿਆ।
ਦੂਸਰੀ ਮੁਲਾਕਾਤ ਵਿਚ ਕਹਿਣ ਲੱਗਾ, ਤੇਰੀਆਂ ਕੋਈ ਕੁੜੀਆਂ ਵਾਕਫ਼ ਹੋਣਗੀਆਂ, ਉਹਨਾਂ ਨਾਲ ਨਹੀਂ ਮਿਲਾਏਂਗਾ?
ਤੇ ਉਸ ਆਪਣੀਆਂ ਮਿੱਤਰ ਕੁੜੀਆਂ ਨਾਲ ਵਿਦਵਾਨ ਨੂੰ ਮਿਲਾਇਆ ਤਾਂ ਕੁੜੀਆਂ ਉਸ ਤੋਂ ਆਪਣੇ ਥੀਸਸਾਂ ਬਾਰੇ ਹੀ ਸੁਆਲ ਪੁੱਛਦੀਆਂ ਰਹੀਆਂ।
ਇੰਜ ਤਾਂ ਕੋਈ ਗੱਲ ਨਹੀਂ ਬਣੀ। ਤੂੰ ਆਪਣੀ ਕਿਸੇ ਖਾਸ ਮਿੱਤਰ ਕੁੜੀ ਨਾਲ ਗੱਲ ਕਰਾ…ਸਿੱਧੀ।ਦਾਰੂ ਦੀ ਲੋਰ ਵਿਚ ਜਦੋਂ ਵਿਦਵਾਨ ਨੇ ਆਪਣੇ ਇਰਾਦੇ ਸਪੱਸ਼ਟ ਕੀਤੇ ਤਾਂ ਉਹ ਖਿਝ ਗਿਆ।
ਮੁਆਫ਼ ਕਰਨਾ! ਇਹ ਮੇਰੇ ਵੱਸ ਦੀ ਗੱਲ ਨਹੀਂ ਹੈ…।ਜਦੋਂ ਉਸਨੇ ਸਾਫ਼ ਇਨਕਾਰ ਕਰ ਦਿੱਤਾ ਤਾਂ ਵਿਦਵਾਨ ਆਪਣੀ ਖੇਡ ਦੇ ਸਾਰੇ ਪੱਤੇ ਨੰਗੇ ਕਰਦਿਆਂ ਬੋਲਿਆ।
ਤੂੰ ਪੀ.ਐਚ.ਡੀ. ਨਹੀਂ ਕਰ ਸਕਦਾ। ਨਾ ਤਾਂ ਤੂੰ ਕੁੜੀ ਐਂ…ਛੇਕੜ ਮੁੰਡਾ ਈ ਸੁਹਣਾ ਹੁੰਦਾ…।
ਮੈਂ ਤੁਹਾਡੇ ਵਰਗੇ ਗਾਈਡ ਕੋਲੋਂ ਪੀ.ਐਚ.ਡੀ ਕਰਨ ਨਾਲੋਂ ਐਵੇਂ ਹੀ ਚੰਗਾ। ਤੁਸੀਂ ਜਾ ਸਕਦੇ ਹੋ…।
ਉਸਨੇ ਲੜਖੜਾ ਰਹੇ ਵਿਦਵਾਨ ਦੇ ਕਮਰਿਓਂ ਬਾਹਰ ਹੁੰਦਿਆਂ ਹੀ ਠਾਹਕਰਕੇ ਦਰਵਾਜ਼ਾ ਬੰਦ ਕਰ ਦਿੱਤਾ।
ਤੇ ਸੇਜਲ ਅੱਖਾਂ ਨਾਲ ਉਹ ਵਾਪਸ ਘਰ ਜਾਣ ਲਈ ਕਮਰੇ ਵਿੱਚੋਂ ਆਪਣਾ ਸਮਾਨ ਇਕੱਠਾ ਕਰਨ ਲੱਗ ਪਿਆ।
                          -0-
   

Sunday, December 11, 2011

ਸਿਖਲਾਈ


                       
ਨਰਾਇਣ ਸਿੰਘ ਮੰਘੇੜਾ

ਰੱਜੋ ਆਪਣੇ ਹੀ ਪਿੰਡ ਵਿਚ ਅਮਰਜੀਤ ਕੌਰ ਦੇ ਘਰ ਕੰਮ ਕਰਨ ਲੱਗ ਪਈ ਸੀ। ਦੋ ਕੁ ਮਹੀਨੇ ਬਾਅਦ ਉਹ ਆਪਣੀ ਦਸ ਕੁ ਸਾਲ ਦੀ ਕੁੜੀ ਨੂੰ ਕੰਮ ਕਰਨ ਲਈ ਨਾਲ ਲੈ ਆਈ। ਕੁੜੀ ਨੂੰ ਭਾਂਡੇ ਮਾਂਜਣ ਦੇ ਕੰਮ ਤੇ ਲਾਕੇ ਉਹ ਆਪ ਸਫਾਈ ਕਰਨ ਲੱਗ ਪਈ।
ਮਾਲਕਣ ਨੇ ਰੱਜੋ ਦੀ ਥਾਂ ਤੇ ਉਹਦੀ ਕੁੜੀ ਨੂੰ ਭਾਂਡੇ ਮਾਂਜਦਿਆਂ ਦੇਖਿਆ ਤਾਂ ਭੜਕ ਪਈ, ਰੱਜੋ, ਤੂੰ ਇਸ ਨਿਆਣੀ ਨੂੰ ਭਾਂਡੇ ਧੋਣ ਲਾਤਾ, ਦੱਸ ਤੇਰੇ ਵਰਗਾ ਕੰਮ ਇਹ ਕਿਵੇਂ ਕਰਲੂ?…ਅਸੀਂ ਤੈਨੂੰ ਸੁਚੱਜਾ ਕੰਮ ਕਰਨ ਦੇ ਪੈਸੇ ਦਿੰਨੇਂ ਐਂ…।
ਇੱਕ ਵਾਰ ਤਾਂ ਰੱਜੋ ਘਬਰਾ ਗਈ। ਫਿਰ ਜਰਾ ਸੋਚ ਕੇ ਬੋਲੀ, ਭੈਣ ਜੀ, ਇਹ ਘਰੇ ਵੀ ਕੰਮ ਕਰਦੀ ਐ।
ਲੈ ਘਰੇ ਥੋਡੇ ਇਹੋਜੇ ਤੇ ਏਨੇ ਭਾਂਡੇ ਥੋੜਾ ਐ।
ਭੈਣ ਜੀ, ਗੱਲ ਤਾਂ ਥੋਡੀ ਠੀਕ ਐ, ਮੈਂ ਸਫਾਈ ਕਰਕੇ ਦੇਖੂੰਗੀ ਆਪ ਭਾਂਡਿਆਂ ਨੂੰ, ਜੋ ਕਮੀ ਰਹੀ ਉਹ ਸਮਝਾ ਦੂੰਗੀ ਇਹਨੂੰ ।
ਮਾਲਕਣ ਨੂੰ ਉੱਥੇ ਹੀ ਖੜਾ ਦੇਖ ਰੱਜੋ ਫਿਰ ਬੋਲੀ, ਭੈਣਜੀ, ਮੈਂ ਸੋਚਿਆ ਹੁਣੇ ਤੋਂ ਕੰਮ ਸਿੱਖਜੂਗੀ ਤਾਂ ਕੱਲ੍ਹ ਨੂੰ ਮੇਰੀ ਬਮਾਰੀ-ਸ਼ਮਾਰੀ ’ਚ ਤੁਹਾਡਾ ਕੰਮ ਕਰਦਿਆ ਕਰੂਗੀ…ਨਾਲੇ ਸਹੁਰੇ ਘਰ ਜਾ ਕੇ ਵੀ ਇਹੀ ਕੁਝ ਕਰਨੈ, ਉੱਥੇ ਸੌਖੀ ਰਹੂ…।
ਕੁਝ ਸੋਚਦੀ ਹੋਈ ਮਾਲਕਣ ਉੱਥੋਂ ਬਿਨਾਂ ਕੁਝ ਬੋਲੇ ਚਲੀ ਗਈ।
                               -0-

Sunday, December 4, 2011

ਅੰਨ-ਦਾਤਾ


 ਪ੍ਰੀਤ ਨੀਤਪੁਰ

ਜਿਉਂ ਹੀ ਮੈਂ ਪੱਕੀ ਸੜਕ ਤੋਂ ਉਤਰ ਕੇ ਸਾਈਕਲ ਕੱਚੇ ਰਾਹ ਪਾਇਆ ਤਾਂ ਥੋੜ੍ਹੀ ਜਿਹੀ ਦੂਰੀ ਉੱਤੇ ਅੱਗੇ ਵੇਖਿਆ, ਬਾਰਾ-ਤੇਰਾਂ ਸਾਲ ਦਾ ਇਕ ਮੁੰਡਾ ਸਾਈਕਲ ਦੀ ਚੈਨ ਚੜ੍ਹਾਉਣ ਵਿਚ ਉਲਝਿਆ ਪਿਆ ਸੀ।
ਉਹਦੇ ਬਰਾਬਰ ਜਾ ਕੇ ਮੈਂ ਬਰੇਕ ਮਾਰੀ ਤੇ ਪੁੱਛਿਆ, ਚੜ੍ਹਾ ਲੇਂਗਾ ਕਿ ਮੈਂ ਚੜ੍ਹਾਵਾਂ?ਮੈਂ ਉਹਦੀ ਮਦਦ ਕਰਨ ਦੇ ਇਰਾਦੇ ਨਾਲ ਕਿਹਾ।
ਚੜ੍ਹਦੀ ਨੀਂ…।ਮੁੰਡਾ ਜਮਾਂ ਮੁੜ੍ਹਕੋ-ਮੁੜ੍ਹਕੀ ਹੋਇਆ, ਉਦਾਸ ਸੁਰ ਵਿਚ ਬੋਲਿਆ।
ਮੈਂ ਆਪਣਾ ਸਾਈਕਲ ਸਟੈਂਡ ਉੱਤੇ ਕੀਤਾ ਤੇ ਇਕ-ਅੱਧੇ ਮਿੰਟ ਵਿਚ ਉਹਦੇ ਸਾਈਕਲ ਦੀ ਚੈਨ ਚੜ੍ਹਾ ਦਿੱਤੀ।
ਮੁੰਡੇ ਦੀਆਂ ਅੱਖਾਂ ਵਿਚ ਖੁਸ਼ੀ ਦੀ ਬਿਜਲੀ ਚਮਕੀ।
ਕਿੱਥੇ ਚੱਲਿਐਂ…?ਮੈਂ ਸੁਭਾਵਿਕ ਹੀ ਪੁੱਛਿਆ।
ਖੇਤ ਬਾਪੂ ਹਲ ਵਾਹੁੰਦੈ, ਉਹਦੀ ਰੋਟੀ ਲੈ ਕੇ ਚੱਲਿਆਂ।
ਰੋਟੀ…!!ਮੁੰਡੇ ਕੋਲ ਨਾ ਤਾਂ ਕੋਈ ਲੱਸੀ-ਪਾਣੀ ਵਾਲਾ ਡੋਲੂ ਸੀ, ਨਾ ਰੋਟੀਆਂ ਵਾਲਾ ਪੋਣਾ ਜਾਂ ਟਿਫ਼ਨ ਵਗੈਰਾ ਸੀ। ਫਿਰ ਰੋਟੀ ਕਿੱਥੇ ਹੋਈ?
ਮੈਂ ਹੈਰਾਨੀ ਪ੍ਰਗਟ ਕਰਦਿਆਂ ਪੁੱਛਿਆ, ਰੋਟੀ ਕਿੱਥੇ ਆ?
ਮੁੰਡੇ ਨੇ ਅੱਧੋ-ਰਾਣੀ, ਮੈਲ-ਖੋਰੀ ਪੈਂਟ ਦੀ ਸੱਜੀ ਜੇਬ ਉੱਤੇ ਹੱਥ ਮਾਰਦਿਆਂ ਕਿਹਾ, ਆਹ ਵੇ ਮੇਰੀ ਜੇਬ ’ਚ…।
ਮੈਂ ਗਹੁ ਨਾਲ ਵੇਖਿਆ, ਪੈਂਟ ਦੀ ਜੇਬ ਥੋੜ੍ਹੀ ਜਿਹੀ ਉਤਾਂਹ ਨੂੰ ਉੱਭਰੀ ਹੋਈ ਸੀ।
ਮੁੰਡੇ ਨੇ ਸਾਈਕਲ ਦੇ ਪੈਡਲ ਉੱਤੇ ਪੈਰ ਰੱਖਿਆ। ਮੁੰਡਾ ਪੈਰੋਂ ਨੰਗਾ ਸੀ।
ਮੈਂ ਸਾਈਕਲ ਉੱਤੇ ਜਾਂਦੇ ਮੁੰਡੇ ਵੱਲ ਵੇਖ ਰਿਹਾ ਸਾਂ। ਉਹਦੀ ਪੈਂਟ ਦੀ ਜੇਬ ਵਿੱਚੋਂ ਰੋਟੀ ਨੂੰ ਲਪੇਟਿਆ ਕਾਗਜ਼ ਬਾਹਰ ਨੂੰ ਪ੍ਰਤੱਖ ਝਾਕ ਰਿਹਾ ਸੀ।
ਮੇਰੇ ਮੂੰਹੋਂ ਸੁਭਾਵਿਕ ਹੀ ਨਿਕਲਿਆ, ਅੰਨ-ਦਾਤਾ!…ਤੇ ਰੋਟੀ…!
                        -0-

Sunday, November 27, 2011

ਪੁੜਾਂ ਵਿੱਚ ਪਿਸਦੇ ਲੋਕ


             
 ਮਲਕੀਤ ਦਰਦੀ

ਹਾਮੀ ਤਾਂ ਧਰਮੇ ਨੇ ਜੱਥੇਦਾਰ ਨੂੰ ਵੋਟ ਪਾਉਣ ਦੀ ਭਰ ਦਿੱਤੀ, ਪਰ ਉਸਨੇ ਆਪਣੇ ਮੁੰਡਿਆਂ ਦੀ ਸਰਦਾਰ ਦਰਸ਼ਨ ਸਿੰਘ ਨੂੰ ਪੱਕੀ ਕੀਤੀ ਗੱਲ ਢਿੱਡ ਵਿਚ ਹੀ ਰੱਖ ਲਈ।
ਪਿੰਡ ਵਿਚ ਭਾਵੇਂ ਪਹਿਲਾਂ ਤੋਂ ਹੀ ਸੱਤ ਗੁਰਦੁਆਰੇ ਸਨ। ਮੰਦਰ ਵੀ, ਡੇਰਾ ਵੀ ਅਤੇ ਪੀਰਖਾਨਾ ਵੀ। ਪਰ ਜਦੋਂ ਬਾਲਮੀਕੀਆਂ ਦੇ ਇਕ ਧੜੇ ਨੇ ਮੰਦਰ ਦੀ ਉਸਾਰੀ ਕਰ ਲਈ ਤਾਂ ਕੇਹਰ ਸਿੰਘ ਜੱਥੇਦਾਰ ਨੇ ਧਰਮੇ ਨੂੰ ਆਪਣੇ ਕੋੜਮੇ ਨਾਲ ਸਲਾਹ ਕਰਕੇ ਬਾਬਾ ਜੀਵਨ ਸਿੰਘ ਦੀ ਯਾਦ ਵਿਚ ਗੁਰਦੁਆਰਾ ਬਣਾਉਣ ਲਈ ਤੋਰ ਲਿਆ। ਪਿੰਡ ਦੀ ਸ਼ਾਮਲਾਤ ਵੀ ਪੰਚਾਇਤ ਦੀ ਤਰਫੋਂ ਦਿਵਾ ਦਿੱਤੀ। ਪਿੰਡ ਵਿੱਚੋਂ ਉਗਰਾਹੀ ਕਰਕੇ ਗੁਰਦੁਆਰੇ ਦੀ ਉਸਾਰੀ ਹੋ ਗਈ। ਬਾਲਮੀਕੀਏ ਦੋ ਧੜਿਆਂ ਵਿਚ ਵੰਡੇ ਗਏ।
ਅਗਲੇ ਮਹੀਨੇ ਵਿਧਾਨ ਸਭਾ ਦੀਆਂ ਚੋਣਾਂ ਆ ਗਈਆ। ਜੱਥੇਦਾਰ ਆਪਣੇ ਲਾਮ ਲਸ਼ਕਰ ਸਮੇਤ ਧਰਮੇ ਦੇ ਘਰ ਆ ਧਮਕਿਆ।
ਦੇਖ ਲੈ ਧਰਮ ਸਿੰਹਾਂ, ਅਸੀਂ ਤੇਰੀ ਅੜੀ ਪੁਗਾ ਦਿੱਤੀ…ਤੂੰ ਵੀ ਹੁਣ ਸਾਡੇ ਕੀਤੇ ਦਾ ਮੁੱਲ ਪਾ ਕੇ ਦਿਖਾਵੀਂ।
ਦੇਖੋ ਜੀ, ਮੈਂ ਆਪਣੀ ਵੋਟ ਦੀ ਸਹੁੰ ਖਾ ਲੈਨਾਂ, ਪਰ…ਅਸਲੀ ਗੱਲ ਉਸ ਦੇ ਸੰਘ ਵਿਚ ਹੀ ਅਟਕ ਗਈ।
ਪਰ ਪੁਰ ਕੀ…?ਜੱਥੇਦਾਰ ਨੇ ਆਪਣੀ ਨੀਲੀ ਪੱਗ ਦਾ ਪੇਚ ਠੀਕ ਕਰਦਿਆਂ ਅੱਖਾਂ ਦੇ ਕੋਏ ਚੜ੍ਹਾਉਂਦਿਆਂ ਪੁੱਛਿਆ।
ਮੇਰੇ ਮੁੰਡੇ ਤਾਂ ਸਰਦਾਰ ਦਰਸ਼ਨ ਸਿੰਘ ਕਾਂਗਰਸੀਏ ਵੱਲ ਹੀ ਭੁਗਤਣਗੇ…ਕਿਉਂਕਿ ਉਹ ਉਨ੍ਹਾਂ ਦਾ ਸੀਰ ਕਮਾਉਂਦੇ ਨੇ।ਧਰਮੇ ਦੇ ਮੂੰਹੋਂ ਸੱਚੀ ਗੱਲ ਨਿਕਲ ਗਈ।
                                           -0-

Sunday, November 20, 2011

ਬੇਵਸੀ


ਗੁਰਜੀਤ ਸਿੰਘ ਟਹਿਣਾ

ਕੌਣ ਸੀ…?ਪਤਨੀ ਨੇ ਪੁੱਛਿਆ।
ਉਹੀ…ਸਰਦਾਰ।ਪਤੀ ਬੁੜਬੁੜਾਇਆ।
ਅੱਧੀ ਰਾਤੀਂ ਆਇਐਂ ਘਰੇ…ਤੜਕੇ ਫੇਰ ਆ ਗਿਆ ਸੰਦੇਹਾ, ਅਖੇ ਛੇਤੀ ਕਰ ਗੰਨਾ ਲਿਜਾਣਾ ਮਿੱਲ ’ਚ, ਜਿਵੇਂ ਮੈਂ ਲੋਹੇ ਦਾ ਬਣਿਆ ਹੋਵਾਂ।
ਤੈਨੂੰ ਕਿੰਨੀ ਵਾਰੀ ਕਿਹਾ, ਹਸਾਬ ਕਰ, ਪਰੇ ਛੱਡ ਖਹਿੜਾ ਸੀਰ ਦਾ, ਸ਼ਹਿਰ ’ਚ ਘਾਟਾ ਐ ਮਜ਼ੂਰੀ ਦਾ।ਪਤਨੀ ਨੇ ਸਲਾਹ ਦਿੱਤੀ।
ਚੰਗਾ ਚਾਹ ਲਿਆ ਬਣਾਕੇ ਘੁੱਟ, ਅੱਜ ਹਸਾਬ ਕਰਕੇ ਨਬੇੜ ਦਿੰਨੇ ਆਂ।ਪਤੀ ਲਗਾਤਾਰ ਬੋਲੀ ਜਾ ਰਿਹਾ ਸੀ, ਇਹ ਲੋਕ ਬੰਦੇ ਨੂੰ ਬੰਦਾ ਨਹੀਂ ਸਮਝਦੇ, ਚੰਮ ਉਧੇੜਨ ਤੱਕ ਜਾਂਦੇ ਐ।
ਚਾਹ…? ਚਾਹ ਪੱਤੀ ਤਾਂ ਹੈ ਨੀ ਕੱਲ੍ਹ ਦੀ।ਪਤਨੀ ਨੇ ਉੱਤਰ ਦਿੱਤਾ।
ਬਿਨਾ ਚਾਹ ਪੀਤਿਆਂ ਮਜਬੂਰ ਪਤੀ ਚਾਹ ਵਾਲਾ ਕੌਲਾ ਕੱਛ ਵਿਚ ਦੇ, ਸਾਫਾ ਮੋਢੇ ਤੇ ਧਰਦਾ ਘਰੋਂ ਬਾਹਰ ਹੋ ਗਿਆ।
                                         -0-

Wednesday, November 16, 2011

ਛੇ ਪੁੱਤਾਂ ਦੀ ਮਾਂ


ਬਿੱਕਰ ਸਿੰਘ ਆਜ਼ਾਦ

ਅੱਸੀ ਸਾਲਾ ਬੁੱਢੀ ਸੱਸ ਨੂੰ ਟਾਇਲੈਟ ਵਿੱਚੋਂ ਨਿਕਲਦੀ ਵੇਖ ਕੇ ਨੂੰਹ ਨੱਕ ਵਿੱਚੋਂ ਠੂੰਹੇਂ ਡੇਗਣ ਲੱਗ ਪਈ, ਸ਼ੌਕਾਂ ਪਿੱਟੀ ਨੂੰ ਚੰਗਾ ਭਲਾ ਪਤੈ ਬਈ ਵਾਸ਼ਰੂਮ ’ਚ ਜੁਆਕਾਂ ਨੇ ਬਹਿਣਾ ਹੁੰਦੈ, ਵਾੜਿਆਂ ਵੱਲ ਨਹੀਂ ਜਾਈ ਮਰੀਦਾ? ਸੜੇਹਾਂਦ ਵਰਾਹ ਕੇ ਨਿਕਲ ਆਈ ਆ ਬੈਤਲ…।
ਪਤਨੀ ਦੀ ਗੱਲ ਸੁਣਕੇ ਧੀਰਾ ਵੀ ਭੜਕ ਉੱਠਿਆ, ਤੈਨੂੰ ਸ਼ਰਮ ਨਹੀਂ ਆਈ ਗੁਸਲਖਾਨਾ ਗੰਦਾ ਕਰਦੀ ਨੂੰ? ਹੁਣ ਜੁਆਕ ਕਿੱਥੇ ਬਹਿਣਗੇ? ਗੰਦ ਖਲਾਰ ਕੇ ਆਗੀ, ਲਮਲੇਟ ਹੋਗੀ ਤੂੰ ਤਾਂ ਮੰਜੇ ’ਤੇ। ਨਿਆਈਂ ’ਚ ਜਾਂਦੀ ਦੀਆਂ ਲੱਤਾਂ ਟੁੱਟਦੀਆਂ ਸੀ? ਕੌਲੇ ਕੱਛਣ ਵੇਲੇ ਤਾਂ ਡੰਗੋਰੀ ਫੜਕੇ ਬਾਹਰਲੇ ਗੁਆੜਾਂ ਤੱਕ ਲੁਤ-ਸੁਤ ਕਰਦੀ ਫਿਰਦੀ ਐਂ
ਪੁੱਤ! ਚਾਅ ਨਾਲ ਨਹੀਂ ਬੈਠੀ ਸੀ। ਔਹਰ-ਸ਼ੌਹਰ ਤਾਂ ਕਿਸੇ ਦੇ ਵੱਸ ਨਹੀਂ ਹੁੰਦੀ ਨਾ। ਢਿੱਡ ’ਚ ਉੱਠੀ ਲੀਹ ਕਾਰਨ ਡਿੱਗਦੀ ਢਹਿੰਦੀ ਬੇਹੋਸ਼ ਹੁੰਦੀ-ਹੁੰਦੀ ਮਸਾਂ ਔਥੋਂ ਤੱਕ ਅਪੜੀ। ਖਾਲੀ ਪੇਟ ਹੋ ਕੇ ਫਲੱਸ਼ ’ਚ ਪਾਣੀ ਵੀ ਛੱਡ ਆਈ ਸਾਂ। ਸਾਫ ਪਿਐ ਫਲੱਸ਼। ਹਿੰਮਤ ਜਵਾਬ ਦੇ ਗਈ ਕਰਕੇ ਈ ਇੱਥੇ ਬੈਠੀ ਸਾਂ। ਸਿਆਣੀ ਔਲਾਦ ਬੁੱਢੇ ਮਾਂ-ਪਿਓ ’ਤੇ ਹੈ-ਦਿਆ ਕਰਦੀ ਹੁੰਦੀ ਆ। ਲੋਕਾਂ ਦੀ ਜਬਾਨ ਦੀ ਈ ਕੁਛ ਸ਼ਰਮ ਮੰਨ ਲਿਆ ਕਰੋ ਜਿਹੜੇ ਅੱਗੇ-ਪਿੱਛੇ ਬਥੇਰਾ ਠਿੱਠ ਕਰਦੇ ਆ ਬਈ ਛੀ ਪੁੱਤਾਂ ਦੀ ਮਾਂ ਠੋਕਰਾਂ ਖਾਂਦੀ ਫਿਰਦੀ ਆ…
ਛੀਆਂ ਪੁੱਤਾਂ ’ਚੋਂ ਤੈਨੂੰ ਮੈਂ ਈ ਕੂਲਾ ਦਿਸਿਆ ਸੀ? ਕਿਸੇ ਦੂਜੇ ਨਾਲ ਨਾ ਰਹਿ ਪੀ?
ਮੈਨੂੰ ਤਾਂ ਕੋਈ ਵੀ ਕੂਲਾ ਨਹੀਂ ਲੱਗਿਆ ਪੁੱਤ। ਸਾਰਿਆਂ ਨਾਲ ਰਹਿ ਕੇ ਵੇਖ ਲਿਆ। ਛੀਏ ਦੇ ਛੀਏ ਬੁੱਢੀ-ਠੇਰੀ ਨੂੰ ਹਲਕੇ ਕੁੱਤੇ ਵਾਂਙੂੰ ਪੈਂਦੇ ਓ। ਜਿਵੇਂ ਮਾਂ ਨਹੀਂ, ਕੋਈ ਦੁਸ਼ਮਣ ਹੋਵਾਂ। ਹੁਣ ਮੈਂ ਕਿੰਨਾਂ ਕੁ ਚਿਰ ਲੱਤਾਂ ਘੜੀਸਦੀ ਬਾਹਰ-ਅੰਦਰ ਤੁਰੀ ਫਿਰੂੰ…?
ਲੁਤਰੋ ਵੇਖ ਹੁਣ ਕਿਵੇਂ ਚੱਲਣ ਲੱਗ ਪਈ ਆ। ਰੁਕਦੀ ਕਿਹੜੀ ਆ ਕਿਤੇ।ਧੀਰਾ ਮਾਂ ਦੀ ਗੱਲ ਵਿਚਕਾਰੋਂ ਕੱਟ ਗਿਆ। ਮਾਂ ਦੀਆਂ ਖਰੀਆਂ-ਖਰੀਆਂ ਸੁਣਨੀਆਂ ਉਸ ਲਈ ਔਖੀਆਂ ਹੋ ਗਈਆਂ ਸਨ।
                                      -0-

Monday, November 7, 2011

ਅੰਦਰਲੀ ਗੱਲ


ਦਰਸ਼ਨ ਜੋਗਾ

ਆਂਟੀ ਜੀ!ਸ਼ੁਸ਼ਮਾ ਨੇ ਅਵਾਜ਼ ਦਿੰਦਿਆ ਦਰਵਾਜੇ ਦੀ ਬਾਹਰਲੀ ਜਾਲੀ ਵੀ ਖਡ਼ਕਾਈ।
ਆਜਾ ਬੇਟਾ ਲੰਘਿਆ।ਅਵਾਜ਼ ਸੁਣਦਿਆਂ ਪਵਿੱਤਰ ਕੌਰ ਬੋਲੀ।
ਦੋਨਾਂ ਦੀਆਂ ਅਵਾਜ਼ਾਂ ਸੁਣਦਿਆਂ ਬੈੱਡ ’ਤੇ ਪਿਆ ਸੁੱਚਾ ਸਿੰਘ ਬੈਠਾ ਹੋ ਗਿਆ ਤੇ ਕਮਰੇ ਅੰਦਰੋਂ ਹੀ ਬੋਲਿਆ, ਆਜੋ ਬੇਟਾ ਆਜੋ।
ਮਹੀਨੇ ਦੀਆਂ ਪਹਿਲੀਆਂ ਤਰੀਕਾਂ ਵਿਚ ਇਸ ਰਿਟਾਇਰਡ ਜੋੜੇ ਦੀ ਅਵਾਜ਼ ਆਪਣੇ ਕਿਰਾਏਦਾਰਾਂ ਲਈ ਆਮ ਦਿਨਾਂ ਨਾਲੋਂ ਕਾਫੀ ਮਿੱਠੀ ਸੁਰ ਵਾਲੀ ਹੋ ਜਾਂਦੀ ਹੈ।
ਬੈਠੋ ਬੇਟਾ, ਸਭ ਠੀਕ ਐ?
ਹਾਂ ਆਂਟੀ ਜੀ।ਸੁਸ਼ਮਾ ਨੇ ਮੁੱਠੀ ਵਿੱਚੋਂ ਕਿਰਾਏ ਦੇ ਪੈਸੇ  ਮਾਲਕਣ ਵੱਲ ਵਧਾਉਂਦਿਆਂ ਕਿਹਾ।
ਤੇਰੀ ਸਿਹਤ ਕਿਮੇ ਐ, ਕੱਲ੍ਹ ਡਾਕਟਰ ਕੋਲ ਗਏ ਸੀ?ਪਵਿੱਤਰ ਕੌਰ ਫਿਰ ਬੋਲੀ।
ਬੱਸ! ਠੀਕ ਈ ਐ ਆਂਟੀ ਜੀ, ਦਵਾਈ ਲਈ ਜਾਨੇਂ ਆਂ।
ਕੋਈ ਨੀ ਕਰੂਗਾ ਵਾਹਿਗੁਰੂ ਭਲੀ, ਉਹਦੇ ਘਰ ਦੇਰ ਐ ਅੰਧੇਰ ਨੀ। ਮੈਂ ਤਾਂ ਤੇਰੇ ਅੰਕਲ ਨਾਲ ਵੀ ਕਈ ਵਾਰੀ ਗੱਲਾਂ ਕਰਦੀ ਆਂ, ਬੀ ਐਨੀ ਨਰਮ ਕੁੜੀ ਐ ਬਿਚਾਰੀ, ਕੈਅ ਸਾਲ ਹੋਗੇ ਰੱਬ ਕੰਨੀ ਝਾਕਦੀ ਨੂੰ। ਕਈਆਂ ਦੇ ਤਾਂ ਊਂਈ ਸਿੱਟੀ ਜਾਂਦੈ ਰੋੜਿਆਂ ਬਾਂਗੂ। ਨਾਲੇ ਬੇਟਾ ਆਪਣਾ ਲਛਮਣ ਜਦੋਂ ਦਾ ਬਠਿੰਡੇ ਰਹਿਣ ਲੱਗਿਐ, ਸਾਡਾ ਤਾਂ ਆਪ ਨੀ ਜੀਅ ਲੱਗਦਾ ਜੁਆਕਾਂ ਬਿਨਾਂ।
ਆਂਟੀ, ਥੋਨੂੰ ਤਾਂ ਪਤਾ ਈ ਐ ਮੇਰੇ ਸਾਰੇ ਟੈਸਟ ਵੀ ਠੀਕ ਆਏ ਨੇ, ਇਨ੍ਹਾਂ ਦੇ ਟੈਸਟ ਕੀਤੇ ਐ, ਡਾਕਟਰ ਕਹਿਦਾ ਇਹਨਾਂ ਨੂੰ ਹਾਲੇ ਕੁਛ ਚਿਰ ਹੋਰ ਦਵਾਈ ਖਾਣੀ ਪਊ। ਥੋਡੇ ਕੋਲ ਤਾਂ ਢਿੱਡ ਹੌਲਾ ਕਰ ਲੈਨੀ ਆਂ, ਹਰੇਕ ਨੂੰ ਤਾਂ ਦੱਸੀ ਵੀ ਨ੍ਹੀਂ ਜਾਂਦੀ ਅੰਦਰਲੀ ਗੱਲ।
ਚੱਲ ਕੋਈ ਨੀ ਧੀਏ, ਕਰੂ ਰਾਮ ਭਲੀ। ਜਾਂਦੀ ਹੋਈ ਜਾਲੀ ਭੇਡ਼ ਜੀਂ।
ਉੱਠ ਕੇ ਪਤੀ ਵਾਲੇ ਕਮਰੇ ਅੰਦਰ ਵਡ਼ਦਿਆਂ ਪੈਸੇ ਅਲਮਾਰੀ ਵਿੱਚ ਸਾਂਭਦਿਆਂ ਪਵਿੱਤਰ ਕੌਰ ਬੋਲੀ, ਦੇਖਲੋ ਬਿਚਾਰੀ ਕਿੰਨੀ ਕੂਨੀ ਐਦੋਵੇਂ ਜਣੇ ਚੁੱਪ ਜਿਹੇ ਬੈਠੇ ਰਹਿੰਦੇ ਐ। ਨਾ ਖਡ਼ਕਾ ਨਾ ਦਡ਼ਕਾ। ਸਵੇਰੇ ਡਿਊਟੀਆਂ ’ਤੇ ਚਲੇ ਜਾਂਦੇ ਐ, ਆਥਣੇ ਘਰੇ ਵਡ਼ਦੇ ਐ। ਕਮਰੇ ’ਚ ਬੈਠਿਆਂ ਦਾ ਪਤਾ ਵੀ ਨੀ ਲਗਦਾ।
ਆਹੀ ਤਾਂ ਗੱਲ ਐ, ਓਹ ਪਹਿਲਿਆਂ ਦੇ ਤਾਂ ਜਵਾਕ  ਨੀ ਸੀ ਟਿਕਣ ਦਿੰਦੇ। ਤਿੰਨ-ਚਾਰ ਸੀ, ਸਾਲੇ ਧਮੱਚਡ਼ ਪਾਈ ਰੱਖਦੇ। ਐਤਕੀਂ ਇਸੇ ਕਰਕੇ ਸੋਚਕੇ ਦਿੱਤੈ ਮਕਾਨ ਕਿਰਾਏ ’ਤੇ।
ਚੰਗਾ ਹੋਲੀ ਬੋਲ, ਐਵੇਂ ਕਈ ਵਾਰੀ ਅਗਲਾ ਸੁਣ ਲੈਂਦੈ ਅੰਦਰ ਦੀ ਗੱਲ।
ਪਵਿੱਤਰ ਕੌਰ ਨੇ ਬਾਰੀ ਵਿੱਚੋਂ ਦੀ ਬਾਹਰ ਬਿਡ਼ਕ ਜਿਹੀ ਲੈਂਦਿਆਂ ਕਿਹਾ।
                                              -0-



Sunday, October 30, 2011

ਛਤਰ ਛਾਇਆ


 ਮੱਖਣ ਸਿੰਘ ਚੌਹਾਨ

ਸ਼ਿਕਾਇਤ ਦਾ ਵਿਸ਼ਾ ਪੜ੍ਹ ਕੇ ਫੂਡ ਸਪਲਾਈ ਅਧਿਕਾਰੀ ਠੰਡਾ ਛਿਡ਼ਕਦਾ ਕਹਿਣ ਲੱਗਾ, ਪਲੀਜ਼ ਬੈਠੋ। ਫੌਜੀ ਸਾਹਿਬ, ਮੈਂ ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਦਾ ਹਾ। ਜ਼ਰਾ ਦੱਸੋ ਕਿ ਗਿਰਧਾਰੀ ਲਾਲ ਡਿਪੂ ਹੋਲਡਰ ਪ੍ਰਤੀ ਤੁਹਾਡੇ ਕੀ ਸ਼ਿਕਵੇ ਹਨ?
ਸਰ, ਮੈਂ ਗਿਰਧਾਰੀ ਸੇਠ ਤੋਂ ਕਈ ਸਾਲਾਂ ਤੋ ਕੈਰੋਸੀਨ ਲੈਂਦਾ ਆ ਰਿਹਾ ਹਾਂ। ਉਹ ਦੋ ਮਹੀਨਿਆਂ ਤੋਂ ਕੈਰੋਸੀਨ ਦੇਣ ਲਈ ਟਾਲਮਟੋਲ ਕਰਦਾ ਆ ਰਿਹਾ ਏ। ਕਦੇ ਕਹਿੰਦਾ ਹੈ, ਕੋਟਾ ਘੱਟ ਮਿਲਿਆ ਹੈ, ਕਦੇ ਕਹਿੰਦਾ ਹੈ ਤੇਲ ਡਰੰਮਾਂ ਵਿੱਚੋਂ ਲੀਕ ਕਰ ਗਿਆ ਹੈ। ਸਰ, ਇਸੇ ਕਾਰਣ ਤੁਹਾਡੇ ਕੋਲ ਹਾਜ਼ਰ ਹੋਇਆ ਹਾਂ।
ਫੌਜੀ ਹਰਬੰਸ ਸਿੰਘ ਨੇ ਆਪਣੀ ਅਪਾਹਜ਼ ਲੱਤ ਦਾ ਭਾਰ ਖੂੰਡੀ ਉੱਤੇ ਪਾਉਂਦਿਆਂ ਦੁਖੀ ਲਹਿਜ਼ੇ ਵਿੱਚ ਕਿਹਾ।
ਘੰਟੀ ਖਡ਼ਕਣ ਤੇ ਸੇਵਾਦਾਰ ਅੰਦਰ ਆਇਆ। ਅਧਿਕਾਰੀ ਨੇ ਹਾਕਮਾਨਾ ਅੰਦਾਜ਼ ਵਿੱਚ ਕਿਹਾ, ਮਹਿਤੇ ਇੰਸਪੈਕਟਰ ਨੂੰ ਬੁਲਾਓ।
ਹੁਕਮ ਦੀ ਤਾਲੀਮ ਹੋਈ। ਮਹਿਤਾ ਇੰਸਪੈਕਟਰ ਆਪਣੇ ਬੌਸ ਦੇ ਕਮਰੇ ਵਿੱਚ ਹਾਜ਼ਰ ਹੋਇਆ।
ਤੁਹਾਡੀ ਬੀਟ ਵਿੱਚ ਗਿਰਧਾਰੀ ਲਾਲ ਡਿਪੂ ਹੋਲਡਰ ਨੇ ਕੀ ਗੰਦ ਪਾ ਰੱਖਿਆ ਏ। ਪਬਲਿਕ ਨੂੰ ਕੈਰੋਸੀਨ ਜਾਰੀ ਨਹੀਂ ਕਰ ਰਿਹਾ। ਕੀ ਉਸਦੇ ਕੋਟੇ ਵਿੱਚ ਕੋਈ ਕਟੌਤੀ ਕੀਤੀ ਗਈ ਏ?
ਨਹੀਂ ਜਨਾਬ! ਉਸਨੂੰ ਅਲਾਟਡ ਕੋਟਾ ਹਰ ਮਹੀਨੇ ਸਹੀ ਜਾ ਰਿਹਾ ਏ। ਬਾਕੀ ਮੈਂ ਉਹਦਾ ਇਸ਼ੂ ਰਜਿਸਟਰ ਚੈਕ ਕਰ ਲੈਂਦਾ ਹਾਂ।
ਫੌਜੀ ਸਾਹਿਬ ਦੀ ਸ਼ਿਕਾਇਤ ਦਾ ਉੱਚਿਤ ਹੱਲ ਲੱਭੋ, ਵਰਨਾ ਮੈਨੂੰ ਸਖਤ ਕਾਰਵਾਈ ਲਈ ਮਜ਼ਬੂਰ ਹੋਣਾ ਪਏਗਾ।
ਫੌਜੀ ਜਦ ਆਪਣੇ ਘਰ ਪਹੁੰਚਿਆ ਤਾਂ ਕੈਰੋਸੀਨ ਦੀ ਭਰੀ ਕੇਨੀ ਉਸਦੇ ਘਰ ਪਹੁੰਚੀ ਹੋਈ ਸੀ।
                            -0-

Monday, October 24, 2011

ਆਖਰੀ ਸਹਾਰਾ


ਜਸਵੀਰ ਜੱਸ ਛਤੇਆਣਾ

ਤਕੜਾ ਰਹਿਨੈਂ ਤਾਇਆ?ਦੀਪੇ ਨੇ ਅੱਡੇ ਵੱਲੋਂ ਆਉਂਦੇ ਬਿਸ਼ਨ ਸਿੰਘ ਦੇ ਨੇੜੇ ਹੋ ਪੈਰੀਂ ਹੱਥ ਲਾਉਂਦਿਆ ਪੁੱਛਿਆ।
ਕਾਹਦਾ ਤਕੜਾ ਸ਼ੇਰਾ, ਹੁਣ ਤਾਂ ਬਸ ਦਿਨ ਕੱਟਦੇ ਆਂ।ਬਿਸ਼ਨ ਸਿੰਘ ਨੇ ਉਦਾਸੀ ਭਰੇ ਬੋਲਾਂ ਵਿਚ ਕਿਹਾ।
ਕਿੱਧਰੋਂ ਆਇਐਂ ਅੱਜ, ਸਿਖਰ ਦੁਪਹਿਰੇ?
ਆਉਣਾ ਕੀ ਢੱਠੇ ਖੂਹ ’ਚੋਂ ਐ। ਬੈਂਕ ਗਿਆ ਸੀ ਪੈਲਸਨ ਲੈਣ, ਉਹ ਕੁੱਤੇ ਭੁਕਾਈ ਕਰਾਈ ਜਾਂਦੇ ਐ।ਬਿਸ਼ਨ ਸਿੰਘ ਨੇ ਗੁੱਸੇ ਵਿਚ ਆਖਿਆ। ਅਸਲ ਵਿਚ ਉਹ ਸਰਕਾਰੀ ਕੰਮ ਤੋਂ ਅੱਕਿਆ ਪਿਆ ਸੀ। ਰੋਜ਼-ਰੋਜ਼ ਬੈਂਕ ਵਾਲੇ ਚੱਕਰ ਜੋ ਲਵਾਉਂਦੇ ਐ। ਉਸ ਤੋਂ ਤੁਰਿਆ ਵੀ ਨਹੀਂ ਜਾਂਦਾ।
ਭਕਾਈ ਤਾਂ ਤਾਇਆ ਕਰਨੀ ਈ ਪੈਂਦੀ ਐ, ਆਹ ਸਰਕਾਰੀ ਕੰਮ ਐਵੇਂ ਥੋੜ੍ਹੀ ਹੁੰਦੇ ਐ, ਨਾਲੇ ਲਗਦੈ ਤੂੰ ਤਾਂ ਅੱਜ ਲੈ ਈ ਆਇਆ ਪੈਨਸ਼ਨ?
ਕਿੱਥੇ ਲੈ ਆਇਆਐਨੇ ਭਲੇਮਾਨਸ ਉਹ ਕਿੱਥੇ ਜਿਹੜੇ ਜਾਂਦਿਆਂ ਦੇ ਹੱਥ ’ਤੇ ਧਰ ਦੇਣ। ਪੂਰਾ ਇਕ ਹਫਤਾ ਹੋ ਗਿਆ ਕੁੱਤੇ ਭੁਕਾਈ ਕਰਦੇ ਨੂੰ। ਕਦੇ ਕਹਿ ਦਿੰਦੇ, ਫਲਾਣਾ ਸਾਬ ਹੈਨੀ, ਕਦੇ ਕਹਿ ਦਿੰਦੇ ਐ ਫਲਾਣਾ ਹੈ ਨੀ। ਅੱਜ ਉਡੀਕਦੇ-ਉਡੀਕਦੇ ਆਹ ਵੇਲਾ ਹੋ ਗਿਆ। ਘਰੇ ਆਟਾ ਖੰਡ ਹੈ ਨੀ, ਇੱਧਰੋਂ ਇਨ੍ਹਾਂ ਦਾ ਸਾਬ ਨਹੀਂ ਆਇਆ। ਬਹੁਤ ਮਿੰਨਤਾਂ ਤਰਲੇ ਕੀਤੇ, ਬਈ ਜਿਹੜੇ ਚਾਰ ਛਿੱਲਡ਼ ਦੇਣੇ ਐ ਦੇ ਦਿਓ, ਰੋਜ਼-ਰੋਜ਼ ਮੇਥੋਂ ਤੁਰਿਆ ਨਈਂ ਜਾਂਦਾ। ਪਰ ਕਿੱਥੇ ਸੁਣਦੈ ਕੋਈ। ਸੋਚਿਆ ਸੀ, ਘਰ ਦਾ ਰਾਸ਼ਨ ਲੈ ਜੂੰਗਾ, ਰੋਜ਼-ਰੋਜ਼ ਮੰਗਦਿਆਂ ਵੀ ਸ਼ਰਮ ਆਉਂਦੀ ਐ…ਮੁੰਡੇ ਤਾਂ ਤੈਨੂੰ ਪਤੈ ਦੋਵੇਂ ਪੱਲਾ ਛੁੜਾ ਕੇ ਸ਼ਹਿਰ ਚਲੇ ਗਏ…ਬਸ ਹੁਣ ਤਾਂ ਇਹੀ ਆਖਰੀ…।
ਕਹਿੰਦਿਆਂ ਬਿਸ਼ਨ ਸਿੰਘ ਦਾ ਗੱਚ ਭਰ ਆਇਆ।
                                          -0-