-moz-user-select:none; -webkit-user-select:none; -khtml-user-select:none; -ms-user-select:none; user-select:none;

Sunday, October 30, 2011

ਛਤਰ ਛਾਇਆ


 ਮੱਖਣ ਸਿੰਘ ਚੌਹਾਨ

ਸ਼ਿਕਾਇਤ ਦਾ ਵਿਸ਼ਾ ਪੜ੍ਹ ਕੇ ਫੂਡ ਸਪਲਾਈ ਅਧਿਕਾਰੀ ਠੰਡਾ ਛਿਡ਼ਕਦਾ ਕਹਿਣ ਲੱਗਾ, ਪਲੀਜ਼ ਬੈਠੋ। ਫੌਜੀ ਸਾਹਿਬ, ਮੈਂ ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਦਾ ਹਾ। ਜ਼ਰਾ ਦੱਸੋ ਕਿ ਗਿਰਧਾਰੀ ਲਾਲ ਡਿਪੂ ਹੋਲਡਰ ਪ੍ਰਤੀ ਤੁਹਾਡੇ ਕੀ ਸ਼ਿਕਵੇ ਹਨ?
ਸਰ, ਮੈਂ ਗਿਰਧਾਰੀ ਸੇਠ ਤੋਂ ਕਈ ਸਾਲਾਂ ਤੋ ਕੈਰੋਸੀਨ ਲੈਂਦਾ ਆ ਰਿਹਾ ਹਾਂ। ਉਹ ਦੋ ਮਹੀਨਿਆਂ ਤੋਂ ਕੈਰੋਸੀਨ ਦੇਣ ਲਈ ਟਾਲਮਟੋਲ ਕਰਦਾ ਆ ਰਿਹਾ ਏ। ਕਦੇ ਕਹਿੰਦਾ ਹੈ, ਕੋਟਾ ਘੱਟ ਮਿਲਿਆ ਹੈ, ਕਦੇ ਕਹਿੰਦਾ ਹੈ ਤੇਲ ਡਰੰਮਾਂ ਵਿੱਚੋਂ ਲੀਕ ਕਰ ਗਿਆ ਹੈ। ਸਰ, ਇਸੇ ਕਾਰਣ ਤੁਹਾਡੇ ਕੋਲ ਹਾਜ਼ਰ ਹੋਇਆ ਹਾਂ।
ਫੌਜੀ ਹਰਬੰਸ ਸਿੰਘ ਨੇ ਆਪਣੀ ਅਪਾਹਜ਼ ਲੱਤ ਦਾ ਭਾਰ ਖੂੰਡੀ ਉੱਤੇ ਪਾਉਂਦਿਆਂ ਦੁਖੀ ਲਹਿਜ਼ੇ ਵਿੱਚ ਕਿਹਾ।
ਘੰਟੀ ਖਡ਼ਕਣ ਤੇ ਸੇਵਾਦਾਰ ਅੰਦਰ ਆਇਆ। ਅਧਿਕਾਰੀ ਨੇ ਹਾਕਮਾਨਾ ਅੰਦਾਜ਼ ਵਿੱਚ ਕਿਹਾ, ਮਹਿਤੇ ਇੰਸਪੈਕਟਰ ਨੂੰ ਬੁਲਾਓ।
ਹੁਕਮ ਦੀ ਤਾਲੀਮ ਹੋਈ। ਮਹਿਤਾ ਇੰਸਪੈਕਟਰ ਆਪਣੇ ਬੌਸ ਦੇ ਕਮਰੇ ਵਿੱਚ ਹਾਜ਼ਰ ਹੋਇਆ।
ਤੁਹਾਡੀ ਬੀਟ ਵਿੱਚ ਗਿਰਧਾਰੀ ਲਾਲ ਡਿਪੂ ਹੋਲਡਰ ਨੇ ਕੀ ਗੰਦ ਪਾ ਰੱਖਿਆ ਏ। ਪਬਲਿਕ ਨੂੰ ਕੈਰੋਸੀਨ ਜਾਰੀ ਨਹੀਂ ਕਰ ਰਿਹਾ। ਕੀ ਉਸਦੇ ਕੋਟੇ ਵਿੱਚ ਕੋਈ ਕਟੌਤੀ ਕੀਤੀ ਗਈ ਏ?
ਨਹੀਂ ਜਨਾਬ! ਉਸਨੂੰ ਅਲਾਟਡ ਕੋਟਾ ਹਰ ਮਹੀਨੇ ਸਹੀ ਜਾ ਰਿਹਾ ਏ। ਬਾਕੀ ਮੈਂ ਉਹਦਾ ਇਸ਼ੂ ਰਜਿਸਟਰ ਚੈਕ ਕਰ ਲੈਂਦਾ ਹਾਂ।
ਫੌਜੀ ਸਾਹਿਬ ਦੀ ਸ਼ਿਕਾਇਤ ਦਾ ਉੱਚਿਤ ਹੱਲ ਲੱਭੋ, ਵਰਨਾ ਮੈਨੂੰ ਸਖਤ ਕਾਰਵਾਈ ਲਈ ਮਜ਼ਬੂਰ ਹੋਣਾ ਪਏਗਾ।
ਫੌਜੀ ਜਦ ਆਪਣੇ ਘਰ ਪਹੁੰਚਿਆ ਤਾਂ ਕੈਰੋਸੀਨ ਦੀ ਭਰੀ ਕੇਨੀ ਉਸਦੇ ਘਰ ਪਹੁੰਚੀ ਹੋਈ ਸੀ।
                            -0-

Monday, October 24, 2011

ਆਖਰੀ ਸਹਾਰਾ


ਜਸਵੀਰ ਜੱਸ ਛਤੇਆਣਾ

ਤਕੜਾ ਰਹਿਨੈਂ ਤਾਇਆ?ਦੀਪੇ ਨੇ ਅੱਡੇ ਵੱਲੋਂ ਆਉਂਦੇ ਬਿਸ਼ਨ ਸਿੰਘ ਦੇ ਨੇੜੇ ਹੋ ਪੈਰੀਂ ਹੱਥ ਲਾਉਂਦਿਆ ਪੁੱਛਿਆ।
ਕਾਹਦਾ ਤਕੜਾ ਸ਼ੇਰਾ, ਹੁਣ ਤਾਂ ਬਸ ਦਿਨ ਕੱਟਦੇ ਆਂ।ਬਿਸ਼ਨ ਸਿੰਘ ਨੇ ਉਦਾਸੀ ਭਰੇ ਬੋਲਾਂ ਵਿਚ ਕਿਹਾ।
ਕਿੱਧਰੋਂ ਆਇਐਂ ਅੱਜ, ਸਿਖਰ ਦੁਪਹਿਰੇ?
ਆਉਣਾ ਕੀ ਢੱਠੇ ਖੂਹ ’ਚੋਂ ਐ। ਬੈਂਕ ਗਿਆ ਸੀ ਪੈਲਸਨ ਲੈਣ, ਉਹ ਕੁੱਤੇ ਭੁਕਾਈ ਕਰਾਈ ਜਾਂਦੇ ਐ।ਬਿਸ਼ਨ ਸਿੰਘ ਨੇ ਗੁੱਸੇ ਵਿਚ ਆਖਿਆ। ਅਸਲ ਵਿਚ ਉਹ ਸਰਕਾਰੀ ਕੰਮ ਤੋਂ ਅੱਕਿਆ ਪਿਆ ਸੀ। ਰੋਜ਼-ਰੋਜ਼ ਬੈਂਕ ਵਾਲੇ ਚੱਕਰ ਜੋ ਲਵਾਉਂਦੇ ਐ। ਉਸ ਤੋਂ ਤੁਰਿਆ ਵੀ ਨਹੀਂ ਜਾਂਦਾ।
ਭਕਾਈ ਤਾਂ ਤਾਇਆ ਕਰਨੀ ਈ ਪੈਂਦੀ ਐ, ਆਹ ਸਰਕਾਰੀ ਕੰਮ ਐਵੇਂ ਥੋੜ੍ਹੀ ਹੁੰਦੇ ਐ, ਨਾਲੇ ਲਗਦੈ ਤੂੰ ਤਾਂ ਅੱਜ ਲੈ ਈ ਆਇਆ ਪੈਨਸ਼ਨ?
ਕਿੱਥੇ ਲੈ ਆਇਆਐਨੇ ਭਲੇਮਾਨਸ ਉਹ ਕਿੱਥੇ ਜਿਹੜੇ ਜਾਂਦਿਆਂ ਦੇ ਹੱਥ ’ਤੇ ਧਰ ਦੇਣ। ਪੂਰਾ ਇਕ ਹਫਤਾ ਹੋ ਗਿਆ ਕੁੱਤੇ ਭੁਕਾਈ ਕਰਦੇ ਨੂੰ। ਕਦੇ ਕਹਿ ਦਿੰਦੇ, ਫਲਾਣਾ ਸਾਬ ਹੈਨੀ, ਕਦੇ ਕਹਿ ਦਿੰਦੇ ਐ ਫਲਾਣਾ ਹੈ ਨੀ। ਅੱਜ ਉਡੀਕਦੇ-ਉਡੀਕਦੇ ਆਹ ਵੇਲਾ ਹੋ ਗਿਆ। ਘਰੇ ਆਟਾ ਖੰਡ ਹੈ ਨੀ, ਇੱਧਰੋਂ ਇਨ੍ਹਾਂ ਦਾ ਸਾਬ ਨਹੀਂ ਆਇਆ। ਬਹੁਤ ਮਿੰਨਤਾਂ ਤਰਲੇ ਕੀਤੇ, ਬਈ ਜਿਹੜੇ ਚਾਰ ਛਿੱਲਡ਼ ਦੇਣੇ ਐ ਦੇ ਦਿਓ, ਰੋਜ਼-ਰੋਜ਼ ਮੇਥੋਂ ਤੁਰਿਆ ਨਈਂ ਜਾਂਦਾ। ਪਰ ਕਿੱਥੇ ਸੁਣਦੈ ਕੋਈ। ਸੋਚਿਆ ਸੀ, ਘਰ ਦਾ ਰਾਸ਼ਨ ਲੈ ਜੂੰਗਾ, ਰੋਜ਼-ਰੋਜ਼ ਮੰਗਦਿਆਂ ਵੀ ਸ਼ਰਮ ਆਉਂਦੀ ਐ…ਮੁੰਡੇ ਤਾਂ ਤੈਨੂੰ ਪਤੈ ਦੋਵੇਂ ਪੱਲਾ ਛੁੜਾ ਕੇ ਸ਼ਹਿਰ ਚਲੇ ਗਏ…ਬਸ ਹੁਣ ਤਾਂ ਇਹੀ ਆਖਰੀ…।
ਕਹਿੰਦਿਆਂ ਬਿਸ਼ਨ ਸਿੰਘ ਦਾ ਗੱਚ ਭਰ ਆਇਆ।
                                          -0-

Monday, October 17, 2011

ਪੁੱਛ


ਸੁਖਦੇਵ ਸਿੰਘ ਸ਼ਾਂਤ

ਗੁਆਂਢੀਆਂ ਦੇ ਘਰ ਅੱਗੇ ਹਰ ਰੋਜ਼ ਸ਼ਾਮ ਨੂੰ ਕਦੇ ਕੋਈ ਸਕੂਟਰ ਵਾਲਾ ਆ ਖੜ੍ਹਦਾ, ਕਦੇ ਕੋਈ ਕਾਰ ਵਾਲਾ ਆ ਜਾਂਦਾ ਅਤੇ ਕਦੇ ਕੋਈ ਸਾਈਕਲ ਨੂੰ ਝੋਲਾ ਲਟਕਾਈ ਆ ਪਹੁੰਚਦਾ। ਕਈ ਵਾਰ ਤਾਂ ਦੋ-ਦੋ, ਚਾਰ-ਚਾਰ ਬੰਦੇ ਇਕੱਠੇ ਵੀ ਆ ਜਾਂਦੇ।
ਮਾਤਾ ਪ੍ਰੀਤਮ ਕੌਰ ਅਕਸਰ ਆਪਣੇ ਮੁੰਡੇ ਜਸਵੰਤ ਕੋਲ ਸ਼ਿਕਾਇਤ ਕਰਦੀ।
ਨੌਕਰੀ ਤਾਂ ਕਾਕਾ ਤੂੰ ਵੀ ਕਰਦੈਂ, ਪਰ ਆਹ ਦੇਖ ਗੁਆਂਢੀਆਂ ਦਾ ਮੋਹਨ। ਇਹਦੀ ਭਲਾ ਕੀ ਨੌਕਰੀ ਹੋਈ? ਕੋਈ ਨਾ ਕੋਈ ਤੁਰਿਆ ਹੀ ਰਹਿੰਦੈ। ਆਪਣੇ ਕੋਈ ਆਉਂਦਾ ਈ ਨਹੀਂ। ਉਹਦੀ ਮਾਂ ਕਿਵੇਂ ਚੌੜੀ ਹੋਈ ਫਿਰਦੀ ਐ।
ਮੁੰਡਾ ਮਾਂ ਕੋਲ ਝੁਰਦਾ, ਮਾਂ, ਏਸ ਜ਼ਮਾਨੇ ’ਚ ਮਾਸਟਰ ਨੂੰ ਕੌਣ ਪੁੱਛਦੈ। ਕਹਿਣ ਨੂੰ ਅਸੀਂ ਕੌਮ ਦੇ ਨਿਰਮਾਤਾ ਹੁੰਨੇ ਆਂ, ਪਰ ਸਮਾਜ ਵਿਚ ਟਕਾ ਮੁੱਲ ਨਹੀਂ।
ਤੇ ਫਿਰ ਅਚਾਨਕ ਹੀ ਮੁੰਡੇ ਦੀ ਡਿਊਟੀ ਇਮਤਿਹਾਨਾਂ ਵਿਚ ਲੱਗ ਗਈ।
ਪਤਾ ਨਹੀਂ ਕਿੱਥੋਂ-ਕਿੱਥੋਂ ਲੋਕ ਘਰ ਦਾ ਪਤਾ ਲੈ ਕੇ ਆ ਪਹੁੰਚੇ।
ਸ਼ਾਮ ਨੂੰ ਤਾਂ ਜਿਵੇਂ ਲਾਈਨ ਹੀ ਲੱਗ ਗਈ। ਪ੍ਰੀਤਮ ਕੌਰ ਗਿੱਠ-ਗਿੱਠ ਉੱਚੀ ਹੋਈ ਫਿਰ ਰਹੀ ਸੀ। ਮੋਹਨ ਦੀ ਮਾਂ ਤੋਂ ਜਿਵੇਂ ਉਸਨੇ ਕੋਈ ਬੜਾ ਵੱਡਾ ਮੋਰਚਾ ਮਾਰ ਲਿਆ ਸੀ।
                            -0-

Monday, October 10, 2011

ਵਿਚਾਰਾ ਅਲਾਦੀਨ


ਸ਼ਰਨ ਮੱਕਡ਼

ਲਹੂ-ਲੁਹਾਣ ਅਲਾਦੀਨ ਜ਼ਾਰ-ਜ਼ਾਰ ਰੋ ਰਿਹਾ ਸੀ। ਉਸ ਦੇ ਪਿੰਡੇ ਤੋਂ ਨੁੱਚਡ਼ਦੀ ਰੱਤ ਦੇਖਕੇ ਹਰ ਕਿਸੇ ਦਾ ਦਿਲ ਰੋ ਰਿਹਾ ਸੀ। ਉਸ ਦਾ ਵਿਰਲਾਪ ਸੁਣ ਕੇ ਰਾਹਗੀਰ ਰੁਕਦੇ, ਉਸਦੀ ਭੈੜੀ ਹਾਲਤ ਦੇਖਕੇ ਹਉਕਾ ਭਰਦੇ ਤੇ ਆਪਣੇ-ਆਪਣੇ ਕੰਮਾਂ ਨੂੰ ਟੁਰ ਜਾਂਦੇ। ਕਿਸੇ ਨੇ ਵੀ ਉਹਦੇ ਜ਼ਖ਼ਮਾਂ ਦੀ ਮਰਹਮ-ਪੱਟੀ ਨਾ ਕੀਤੀ। ਰਾਹਗੀਰ ਸੋਚਦੇ ਕਿ ਅਲਾਦੀਨ ਦੇ ਹੱਥਾਂ ਵਿਚ ਤਾਂ ਚਿਰਾਗ਼ ਹੈ। ਉਹ ਜਦੋਂ ਚਾਹੇ ਉਸ ਵਿੱਚੋਂ ਜਿੰਨ ਨੂੰ ਬੁਲਾ ਸਕਦਾ ਹੈ। ਜੋ ਚਾਹੇ ਹਾਸਿਲ ਕਰ ਸਕਦਾ ਹੈ। ਅਲਾਦੀਨ ਏਸ ਤੋਂ ਪਹਿਲਾਂ ਖੁਸ਼ਹਾਲ ਸੀ। ਹਰ ਸੰਕਟ ਵੇਲੇ ਉਸ ਦਾ ਜਿੰਨ ਉਸਦੀ ਸਹਾਇਤਾ ਕਰਦਾ ਸੀ। ਹੁਣ ਉਹ ਲਹੂ-ਲੁਹਾਣ ਹੋਇਆ ਚੁਰਸਤੇ ਵਿਚ ਖੜਾ ਲਹੂ ਦੇ ਅੱਥਰੂ ਕੇਰ ਰਿਹਾ ਸੀ। ਉਸਦੇ ਅੰਦਰੋਂ ਨਿਕਲਦੀ ਹੂਕ ਕਲੇਜਾ ਛਲਨੀ ਕਰਦੀ, ਪਰ ਕੋਈ ਵੀ ਉਸਦੀ ਮਰਹਮ-ਪੱਟੀ ਨਾ ਕਰਦਾ। ਚੁਰਸਤੇ ਵਿਚ ਬੇਬਸ ਖੜਾ ਅਲਾਦੀਨ ਰੋ ਰਿਹਾ ਸੀ। ਉਸਦੀ ਇਹ ਹਾਲਤ ਦੇਖਕੇ ਰਾਹਗੀਰ ਉਸਤੋਂ ਪੁੱਛਦੇ:
ਭਰਾ ਅਲਾਦੀਨ, ਜੇ ਤੇਰੇ ਜ਼ਖ਼ਮਾਂ ਤੇ ਮਰਹਮ ਨਾ ਲੱਗੀ ਤਾਂ ਇਸ ਤਰ੍ਹਾਂ ਤਾਂ ਤੇਰੀ ਸਾਰੀ ਰੱਤ ਨੁੱਚਡ਼ ਜਾਏਗੀ। ਤੇਰੇ ਪਾਸ ਤਾਂ ਚਿਰਾਗ ਹੈ। ਚਿਰਾਗ ਦੇ ਜਿੰਨ ਨੂੰ ਝਟਪਟ ਬੁਲਾ, ਉਹ ਤੇਰੇ ਜ਼ਖ਼ਮਾਂ ਤੇ ਮਰਹਮ-ਪੱਟੀ ਕਰੇ। ਜੋ ਤੇਰੇ ਪਿੰਡੇ ਨੂੰ ਲਹੂ-ਲੁਹਾਣ ਕਰ ਰਹੇ ਹਨ, ਉਹਨਾਂ ਦੇ ਹੱਥ ਬੰਨ੍ਹੇ।
ਹੱਥ ਵਿਚ ਖਾਲੀ ਚਿਰਾਗ ਫੜੀ ਅਲਾਦੀਨ ਜ਼ਾਰੋ-ਜ਼ਾਰ ਰੋਣ ਲੱਗਾ ਤੇ ਆਖਣ ਲੱਗਾ, ਮੇਰਾ ਤਾਂ ਚਿਰਾਗ ਹੀ ਬੇਕਾਰ ਹੋ ਗਿਆ ਹੈ। ਜਿੰਨ ਨੂੰ ਮੈਂ ਰਾਜਧਾਨੀ ਭੇਜਿਆ ਸੀ ਮਰਹਮ ਲੈਣ ਲਈ, ਉਹ ਵਾਪਸ ਹੀ ਨਹੀਂ ਆਇਆ।
                           -0-