-moz-user-select:none; -webkit-user-select:none; -khtml-user-select:none; -ms-user-select:none; user-select:none;

Wednesday, October 2, 2013

ਕਮਲ਼ੀ



ਡਾ. ਹਰਦੀਪ ਕੌਰ ਸੰਧੂ

30-35 ਸਾਲਾਂ ਨੂੰ ਢੁੱਕੀ, ਖਿੰਡੇ ਵਾਲ਼ ਤੇ ਮੈਲ਼ੇ ਜਿਹੇ ਕੱਪੜੇ ਪਾਈ ਉਹ ਅਕਸਰ ਆਪਣੇ ਆਪ ਨਾਲ਼ ਹੱਥ ਮਾਰ-ਮਾਰ ਗੱਲਾਂ ਕਰਦੀ ਪਿੰਡ ਦੀਆਂ ਬੀਹੀਆਂ 'ਚ ਭਾਉਂਦੀ ਫਿਰਦੀ। ਅਵਾਰਾ ਕੁੱਤਿਆਂ ਤੋਂ ਡਰਦੀ ਆਪਣੇ ਹੱਥ 'ਚ ਇੱਕ ਡੰਡਾ ਜ਼ਰੂਰ ਰੱਖਦੀ। ਵੱਡੇਰੀ ਉਮਰ ਦਿਆਂ ਨੂੰ ਉਹ ਕੁਝ ਨਾ ਕਹਿੰਦੀ ਪਰ ਨਿਆਣਿਆਂ ਨੂੰ ਵੇਖਣ ਸਾਰ ਹੀ  ਵਾਹੋ-ਧਾਹੀ ਉਨ੍ਹਾਂ ਦੇ ਪਿੱਛੇ ਡੰਡਾ ਲਈ ਭੱਜਦੀ। ਕਈ ਸ਼ਰਾਰਤੀ ਨਿਆਣੇ ਉਸ ਨੂੰ  ਕਮਲ਼ੀ-ਕਮਲ਼ੀ ਕਹਿ ਛੇੜ ਕੇ ਭੱਜਦੇ ਤੇ ਕਈ ਉਸ ਨੂੰ ਦੂਰੋਂ ਆਉਂਦੀ ਨੂੰ ਵੇਖ ਡਰਦੇ ਆਪਣਾ ਰਾਹ ਬਦਲ ਲੈਂਦੇ। ਇਹ ਸਿਲਸਿਲਾ ਕਈ ਸਾਲ ਉਸ ਦੇ ਮਰਨ ਤੱਕ ਜਾਰੀ ਰਿਹਾ। 
               ਉਸ ਦਿਨ ਮਰਗਤ 'ਤੇ ਇੱਕਠੇ ਹੋਏ ਲੋਕਾਂ ਨੇ ਉਸ ਦੀ ਬੁੱਢੀ ਮਾਂ ਨੂੰ ਇਹ ਕਹਿੰਦੇ ਸੁਣਿਆ, " ਮੈਂ ਤਾਂ ਭਾਈ ਕਿੱਦਣ ਦੀ ਓਸ ਉੱਪਰ ਆਲ਼ੇ ਮੂਹਰੇ ਹੱਥ ਬੰਨਦੀ ਸੀ, ਬਈ ਏਸ ਚੰਦਰੀ ਨੂੰ ਤੂੰ ਮੈਥੋਂ ਪਹਿਲਾਂ ਲੈ ਜਾ। ਮੈਥੋਂ ਮਗਰੋ ਏਸ ਨੂੰ ਕੌਣ ਸਾਂਭੂ? ਜਿੱਦਣ ਦਾ ਇਹਦਾ ਅੱਠਾਂ-ਨਵਾਂ ਵਰ੍ਹਿਆਂ ਦਾ ਪੁੱਤ ਮਿੰਦੀ ਮੁੱਕਿਆ, ਸਹੁਰਿਆਂ ਘਰੋਂ ਕੱਢੀ, ਹਰ ਨਿਆਣੇ 'ਚੋਂ ਆਵਦਾ ਮਿੰਦੀ ਭਾਲ਼ਦੀ ਐ। ਪਿੰਡ ਦੀਆਂ ਬੀਹੀਆਂ 'ਚ ਕਮਲ਼ਿਆਂ ਆਂਗੂ ਫਿਰਦੀ ਦਾ ਦੁੱਖ ਮੈਥੋਂ ਹੁਣ ਝੱਲਿਆ ਨੀ ਸੀ ਜਾਂਦਾ। ਬੀਰ, ਜਦੋਂ ਓਸ ਦੇ ਸਿਰ ਦੇ ਸਾਂਈ ਨੇ ਓਸ ਨੂੰ ਨਹੀਂ ਝੱਲਿਆ ਫੇਰ ਹੋਰ ਕਿਸੇ ਦੀ ਉਹ ਲੱਗਦੀ ਹੀ ਕੀ ਸੀ ?" 
                                               -0-

No comments: